ਹਾਈਕੋਰਟ ਦੇ ਹੁਕਮਾਂ ‘ਤੇ ਭਰਤੀ ਹੋਏ ਅਧਿਆਪਕਾਂ ਨੂੰ ਕਾਰਨ ਦੱਸੋ ਨੋਟਿਸ ਦੇਣਾ ਮੰਦਭਾਗਾ – ਸੋਢੀ, ਢਿੱਲੋਂ
ਸਰਦੂਲਗੜ੍ਹ, 25 ਮਈ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵੱਲੋਂ ਭਰਤੀ ਕੀਤੇ ਗਏ 4161 ਅਧਿਆਪਕਾਂ ‘ਚੋਂ 253 ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਤਿੰਦਰ ਸਿੰਘ ਸੋਢੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਇਹ ਅਧਿਆਪਕ ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ ‘ਤੇ ਨਿਯਮਾਂ ਅਨੁਸਾਰ ਭਰਤੀ ਕੀਤੇ ਗਏ ਸਨ। ਜਿੰਨ੍ਹਾਂ ‘ਚੋਂ ਬਹੁਤ ਸਾਰੇ ਹੋਰ ਨੌਕਰੀਆਂ ਛੱਡ ਕੇ ਸਿੱਖਿਆ ਵਿਭਾਗ ਵਿੱਚ ਆਏ ਸਨ।
ਪੰਜਾਬ ਸਰਕਾਰ ਦੇ ਕਾਰਨ ਦੱਸੋਂ ਨੋਟਿਸ ਨੇ ਇਹਨਾਂ ਅਧਿਆਪਕਾਂ ਨੂੰ ਅਜਿਹੇ ਮੋੜ ‘ਤੇ ਲਿਆ ਖੜ੍ਹਾ ਕੀਤਾ ਹੈ ਜਿੱਥੋਂ ਉਹ ਕਿਸੇ ਹੋਰ ਪਾਸੇ ਵੀ ਨਹੀਂ ਮੁੜ ਸਕਦੇ। ਕੁਝ ਉਮੀਦਵਾਰ ਦੀ ਭਰਤੀ ਹੋਣ ਦੀ ਉਮਰ ਹੱਦ ਪੂਰੀ ਕਰ ਚੁੱਕੇ ਹਨ, ਜੋ ਕਿਸੇ ਹੋਰ ਮਹਿਕਮੇ ‘ਚ ਵੀ ਨੌਕਰੀ ਹਾਸਲ ਕਰਨ ਦੇ ਯੋਗ ਨਹੀਂ ਰਹੇ।
ਇਸ ਮੌਕੇ ਜਗਦੀਪ ਸਿੰਘ ਢਿੱਲੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਸਰਦੂਲਗੜ੍ਹ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਕਾਰਨ ਦੱਸੋ ਨੋਟਿਸ ਵਾਲਾ ਫੈਸਲਾ ਬਹੁਤ ਮੰਦਭਾਗਾ ਹੈ। ਜਿਸ ਨਾਲ ਬਹੁਤ ਸਾਰੇ ਅਧਿਆਪਕਾਂ ਦਾ ਪਰਿਵਾਰਕ ਜੀਵਨ ਬੁਰੀ ਤਰਾਂ ਪ੍ਰਭਾਵਿਤ ਹੋਵੇਗਾ।
ਉਕਤ ਆਗੂਆਂ ਨੇ ਕਿਹਾ ਕਿ ਇਸ ਤਰਾਂ ਲੱਗ ਰਿਹਾ ਹੈ ਜਿਵੇਂ ਨੌਕਰੀਆਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਸਰਕਾਰ, ਰੁਜ਼ਗਾਰ ਦੇਣ ਦੇ ਬਜਾਏ ਨੌਜਵਾਨ ਵਰਗ ਤੋਂ ਰੁਜ਼ਗਾਰ ਖੋਹਣ ‘ਤੇ ਤੁਲੀ ਹੋਈ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਆਪਣਾ ਫੈਸਲਾ ਤੁਰੰਤ ਪ੍ਰਭਾਵ ਨਾਲ ਵਾਪਸ ਲਵੇ ਤਾਂ ਜੋ ਸੈਂਕੜੇ ਨੌਜਵਾਨ ਬੇਰੁਜ਼ਗਾਰੀ ਦੀ ਦਲ-ਦਲ ਵਿੱਚ ਫਸਣ ਤੋਂ ਬਚ ਸਕਣ।