ਮੁੱਖ ਮੰਤਰੀ ਨੇ ਝੁਨੀਰ ਵਿਖੇ ਰੱਖਿਆ ਸਰਕਾਰੀ ਆਈ. ਟੀ. ਆਈ. ਦਾ ਨੀਂਹ ਪੱਥਰ

ਸਰਦੂਲਗੜ੍ਹ – 24 ਢਰਵਰੀ 2026 (ਪ੍ਰਕਾਸ਼ ਸਿੰਘ ਜ਼ੈਲਦਾਰ)
ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਮਾਨਸਾ ਦੇ ਝੁਨੀਰ ਵਿਖੇ 5 ਏਕੜ ਜ਼ਮੀਨ ਵਿਚ ਬਣਨ ਵਾਲੀ ਸਰਕਾਰੀ ਆਈ.ਟੀ.ਆਈ. ਦਾ ਨੀਂਹ ਪੱਥਰ ਰੱਖਿਆ। ਇਸ ਤੋਂ ਇਲਾਵਾ ਹਲਕਾ ਸਰਦੂਲਗੜ੍ਹ ਦੇ ਲਈ ਕਰੋੜਾਂ ਰੁ. ਦੀ ਲਾਗਤ ਦੇ ਹੋਰ ਵਿਕਾਸ ਕਾਰਜਾਂ ਦਾ ਐਲਾਨ ਵੀ ਕੀਤਾ। ਲੋਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਸੰਸਥਾ ‘ਚ ਹਰ ਸਾਲ 240 ਸਿੱਖਿਆਰਥੀ ਵੱਖ-ਵੱਖ ਕਿਸਮ ਦੇ ਕੋਰਸਾਂ ਦੀ ਸਿਖਲਾਈ ਹਾਸਲ ਕਰਨਗੇ। ਇਸ ਪ੍ਰੋਜੈਕਟ ਲਈ ਜ਼ਮੀਨ ਦੇਣ ਬਦਲੇ ਸਰਕਾਰ ਦੀ ਤਰਫੋਂ ਸਾਹਨੇਵਾਲੀ ਪਿੰਡ ਦੀ ਪੰਚਾਇਤ ਦਾ ਧੰਨਵਾਦ ਕੀਤਾ। ਇਸ ਤੋਂ ਪਹਿਲਾਂ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਵਲੋਂ ਮੁੱਖ ਮੰਤਰੀ ਦਾ ਸਵਾਗਤ ਕਰਦੇ ਹੋਏ ਵੱਡੀ ਗਿਣਤੀ ‘ਚ ਪਹੁੰਚੇ ਪਾਰਟੀ ਵਰਕਰਾਂ ਤੇ ਆਗੂਆਂ ਦਾ ਧੰਨਵਾਦ ਕੀਤਾ ਗਿਆ।

ਪੰਜਾਬ ਸਰਕਾਰ ਵਲੋਂ ਕੀਤੇ ਕੰਮਾਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹੁਣ ਤੱਕ ਬਿਨਾਂ ਕਿਸੇ ਭੇਦ-ਭਾਵ ਦੇ ਯੋਗਤਾ ਪੂਰੀ ਕਰਦੇ 63 ਹਜ਼ਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾ ਚੁੱਕੀ ਹੈ। ਹਲਕਾ ਸਰਦੂਲਗੜ੍ਹ ਦੇ ਲਈ ਐਲਾਨ ਕਰਦੇ ਹੋਏ ਦੱਸਿਆ ਕਿ ਭੱਲਣਵਾੜਾ ਤੇ ਬਰਨ ਪਿੰਡ ਵਿਖੇ ਘੱਗਰ ਦਰਿਆ ਉੱਪਰ 2 ਨਵੇਂ ਪੁਲ਼ ਉਸਾਰੇ। ਸਰਦੂਲਗੜ੍ਹ ਸ਼ਹਿਰ ‘ਚ 39 ਲੱਖ ਰੁ. ਦੀ ਲਾਗਤ ਨਾਲ ਆਮ ਆਦਮੀ ਕਲੀਨਿਕ ਖੋਲ੍ਹਿਆ ਜਾਵੇਗਾ। ਭਗਵਾਨਪੁਰ ਹੀਂਗਣਾ ਵਿਖੇ 55 ਲੱਖ ਰੁ. ਦੀ ਲਾਗਤ ਨਾਲ ਹੈਲਥ ਐਂਡ ਵੈਲਨੈੱਸ ਕਲੀਨਿਕ ਬਣਾਇਆ ਜਾਵੇਗਾ। ਸਿਵਲ ਹਸਪਤਾਲ ਸਰਦੂਲਗੜ੍ਹ ਨੂੰ 100 ਬੈੱਡ ਦਾ ਕਰਕੇ 49 ਲੱਖ ਰੁ. ਖਰਚ ਕਰਕੇ ਹੈਲਥ ਯੂਨਿਟ ਸਥਾਪਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਲਾਕੇ ਦੀਆਂ ਸੜਕਾਂ ਤੇ ਖਾਲ਼ਾਂ ਦੇ ਵਿਕਾਸ ਲਈ ਕਰੋੜਾਂ ਰੁ. ਖਰਚੇ ਜਾਣਗੇ।

ਮੁੱਖ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ਅਕਾਲੀ ਤੇ ਕਾਂਗਰਸੀਆਂ ਤੇ ਤਿੱਖੇ ਵਿਅੰਗ ਕੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦਾ ਨਹੀਂ ਸਗੋਂ ਹਮੇਸ਼ਾਂ ਆਪਣੇ ਪ੍ਰੀਵਾਰਾਂ ਦਾ ਫਿਕਰ ਰਹਿੰਦਾ ਸੀ। ਭਾਜਪਾ ਬਾਰੇ ਆਖਿਆ ਕਿ ਉਹ ਤਾਂ ਇਧਰੋਂ ਓਧਰੋਂ ਬੰਦੇ ਭਾਲ਼ ਕੇ ਕੰਮ ਚਲਾਉਣ ਦੇ ਚੱਕਰ ਵਿੱਚ ਹਨ ਪਰ ਗੱਲ ਨਹੀਂ ਬਣਦੀ।

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਬੈਂਸ, ਪੰਜਾਬ ਪਾਰਟੀ ਇੰਚਾਰਜ ਮਨੀਸ਼ ਸਿਸੋਦੀਆ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਹੋਰ ਪਾਰਟੀ ਆਗੂ ਹਾਜ਼ਰ ਸਨ।

Read Previous

ਮਜ਼ਦੂਰਾਂ ਦੇ ਹੱਕ ਬਹਾਲ ਕਰਾਉਣ ਲਈ ਸੰਘਰਸ਼ ਹੋਰ ਤੇਜ਼ ਕੀਤੇ ਜਾਣਗੇ- ਐਡਵੋਕੇਟ ਉੱਡਤ

Leave a Reply

Your email address will not be published. Required fields are marked *

Most Popular

error: Content is protected !!