ਕੰਟਰੈਕਟ ਪ੍ਰੋਫੈਸਰਾਂ ਨੇ ਪੰਜਾਬੀ ਯੂਨੀਵਰਸਿਟੀ’ਚ ਮੁੜ ਤੋਂ ਲਗਾਇਆ ਧਰਨਾ
ਸਰਦੂਲਗੜ੍ਹ-17 ਜਨਵਰੀ(ਜ਼ੈਲਦਾਰ ਟੀ.ਵੀ.) ਪੰਜਾਬੀ ਯੂਨੀਵਰਸਿਟੀ ਅਧੀਨ ਚੱਲ ਰਹੀਆਂ ਵੱਖ-ਵੱਖ ਵਿਦਿਅਕ ਸੰਸਥਾਵਾਂ’ਚ ਪਿਛਲੇ 15 ਸਾਲਾਂ ਤੋਂ ਕੰਮ ਕਰਦੇ ਠੇਕਾ ਭਰਤੀ ਪ੍ਰੋਫੈਸਰਾਂ ਨੇ ਯੂਨੀਵਰਸਿਟੀ ਮੁੱਖ ਕੈਂਪਸ ਵਿਖੇ ਮੁੜ ਤੋਂ ਧਰਨਾ ਲਗਾ ਦਿੱਤਾ ਹੈ।ਕੰਟਰੈਕਟ ਟੀਚਰਜ਼ ਫਰੰਟ ਦੇ ਆਗੂ ਪ੍ਰੋ.ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਮੰਗਾਂ ਮੰਨ ਲੈਣ ਦਾ ਭਰੋਸਾ ਦੇਣ ਉਪਰੰਤ ਕੁਝ ਦਿਨ ਲਈ ਧਰਨਾ ਮੁਲਤਵੀ ਕਰ ਦਿੱਤਾ ਸੀ।ਜਦੋਂ ਹੁਣ ਯੂਨੀਵਰਸਿਟੀ ਅਥਾਰਟੀ ਨਾਲ ਇਸ ਮਸਲੇ ਤੇ ਦੁਬਾਰਾ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨਾਲ ਬਹੁਤ ਹੀ ਰੁੱਖਾ ਵਿਵਹਾਰ ਕੀਤਾ ਗਿਆ।ਜਿਸ ਦਾ ਕੰਟਰੈਕਟ ਟੀਚਰਜ਼ ਐਸੋਸੀਏਸ਼ਨ(ਪੁਕਟਾ)ਦੀ ਪ੍ਰਧਾਨ ਤਰਨਜੀਤ ਕੌਰ ਨੇ ਜਥੇਬੰਦੀ ਤਰਫੋਂ ਸਖ਼ਤ ਵਿਰੋਧ ਕਰਦੇ ਹੋਏ ਚਿਤਵਾਨੀ ਦਿੱਤੀ ਕਿ ਉਨ੍ਹਾਂ ਦੇ ਹੱਕ ਮਿਲ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।