ਨਰੇਗਾ ਮੁਲਾਜ਼ਮਾਂ ਨੇ ਹਲਕਾ ਵਿਧਾਇਕ ਨੂੰ ਦਿੱਤਾ ਮੰਗ ਪੱਤਰ
ਸਰਦੂਲਗੜ੍ਹ-26 ਦਸੰਬਰ (ਜ਼ੈਲਦਾਰ ਟੀ.ਵੀ.) ਨਰੇਗਾ ਮੁਲਾਜ਼ਮਾਂ ਦੀ ਸਰਦੂਲਗੜ੍ਹ ਇਕਾਈ ਵਲੋਂ ਆਪਣੀਆਂ ਮੰਗਾਂ ਪੂਰੀਆਂ ਕਰਾਉਣ ਲਈ ਮੁੱਖ ਮੰਤਰੀ ਦੇ ਨਾਂਅ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ।ਉਨ੍ਹਾਂ ਪੰਜਾਬ ਸਰਕਾਰ ਤੇ ਦੋਸ਼ ਲਾਇਆ ਕਿ ਨਰੇਗਾ ਮੁਲਾਜ਼ਮ 15 ਸਾਲਾਂ ਤੋਂ ਨਿਗੁਣੀਆਂ ਤਨਖਾਹਾਂ ਤੇ ਕੰਮ ਕਰਨ ਲਈ ਮਜ਼ਬੂਰ ਹਨ।ਸਰਕਾਰ ਦੀ ਕੋਈ ਵੀ ਸਕੀਮ ਇੰਨ੍ਹਾਂ ਮੁਲਾਜ਼ਮਾਂ ਦੇ ਸਹਿਯੋਗ ਤੋਂ ਬਿਨਾਂ ਠੀਕ ਢੰਗ ਨਾਲ ਲੋਕਾਂ ਤੱਕ ਨਹੀਂ ਪਹੁੰਚ ਸਕਦੀ।ਪਿਛਲੀ 30 ਨਵੰਬਰ ਨੂੰ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਯੂਨੀਅਨ ਨਾਲ ਗੱਲਬਾਤ ਦੌਰਾਨ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਭਰੋਸਾ ਜ਼ਰੂਰ ਦਿੱਤਾ ਸੀ ਪਰ ਹੁਣ ਤੱਕ ਇਸ ਜ਼ੁਬਾਨੀ ਫੁਰਮਾਣ ਨੂੰ ਅਮਲੀ ਰੂਪ ਨਹੀਂ ਦਿੱਤਾ ਗਿਆ।ਇਸ ਮੌਕੇ ਬਲਾਕ ਪ੍ਰਧਾਨ ਸੁਰਿੰਦਰ ਕੁਮਾਰ,ਪਵਨ ਕੁਮਾਰ,ਗੁਰਸੇਵਕ ਸਿੰਘ ਦੰਦੀਵਾਲ,ਗੁਰਮੀਤ ਸਿੰਘ ਆਦਮਕੇ,ਸੋਮ ਪ੍ਰਕਾਸ਼,ਪਰਮਜੀਤ ਕੌਰ ਹਾਜ਼ਰ ਸਨ।