ਜਾਂਚ ਅਧਿਕਾਰੀ ਦੀ ਵਰਦੀ ਪਾੜੀ
ਸਰਦੂਲਗੜ੍ਹ, 12 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਬਠਿੰਡਾ ਜ਼ਿਲ੍ਹੇ ਦੇ ਪਿੰਡ ਘੁੰਮਣ ਕਲਾਂ ਵਿਖੇ ਨਸ਼ਿਆਂ ਸਬੰਧੀ ਜਾਂਚ ਕਰਨ ਗਈ ਥਾਣਾ ਮੌੜ ਦੀ ਪੁਲਿਸ ਪਾਰਟੀ ‘ਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਕੁਝ ਨਾਮਜ਼ਦ ਅਤੇ ਕਈ ਅਣਪਛਾਤੇ ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਜਾਣਕਾਰੀ ਅਨੁਸਾਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮੌੜ ਥਾਣੇ ਦੀ ਪੁਲਿਸ ਟੀਮ ਪਿੰਡ ਘੁੰਮਣ ਕਲਾਂ ਵਿੱਚ ਜਾਂਚ ਲਈ ਪਹੁੰਚੀ ਸੀ। ਇਸ ਦੌਰਾਨ ਜਾਂਚ ਅਧਿਕਾਰੀ ਵੱਲੋਂ ਸੀਪਾ ਸਿੰਘ ਨਾਂ ਦੇ ਵਿਅਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਸੀ ਕਿ ਮੌਕੇ ‘ਤੇ ਮਾਹੌਲ ਤਣਾਅਪੂਰਨ ਹੋ ਗਿਆ।
ਦੱਸਿਆ ਜਾਂਦਾ ਹੈ ਕਿ ਉਕਤ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਅਤੇ ਕੁਝ ਗੁਆਂਢੀਆਂ ਨੇ ਪੁਲਿਸ ਪਾਰਟੀ ਨਾਲ ਤਕਰਾਰ ਸ਼ੁਰੂ ਕਰ ਦਿੱਤੀ, ਜੋ ਬਾਅਦ ਵਿੱਚ ਮਾਰਕੁੱਟ ਅਤੇ ਗਾਲੀ-ਗਲੋਚ ਵਿੱਚ ਤਬਦੀਲ ਹੋ ਗਈ। ਇਸ ਦੌਰਾਨ ਜਾਂਚ ਅਧਿਕਾਰੀ ਦੀ ਵਰਦੀ ਵੀ ਪਾੜ ਦਿੱਤੀ ਗਈ।
ਪੁਲਿਸ ਵੱਲੋਂ ਟਹਿਲ ਸਿੰਘ, ਬੱਗਾ ਸਿੰਘ, ਸੰਦੀਪ ਸਿੰਘ, ਕੁਲਦੀਪ ਸਿੰਘ, ਨਾਇਬ ਸਿੰਘ, ਪੀਚਾ ਸਿੰਘ, ਗੁਰਮੀਤ ਕੌਰ, ਗੁਲਾਬ ਸਿੰਘ ਸਮੇਤ ਕੁਝ ਨਾਮਾਲੂਮ ਵਿਅਕਤੀਆਂ ਖ਼ਿਲਾਫ ਕੇਸ ਦਰਜ ਕਰਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।