ਨਾ ਮਿਲਣ ਵਾਲੀ ਕੋਈ ਗੱਲ ਨਹੀਂ, ਕਿਸਾਨ ਆਪਣੀ ਮਰਜ਼ੀ ਨਾਲ ਵਾਪਸ ਪਰਤੇ- ਗੁਰਪ੍ਰੀਤ ਸਿੰਘ ਬਣਾਂਵਾਲੀ
ਸਰਦੂਲਗੜ੍ਹ-6 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਬੀਤੇ ਦਿਨੀਂ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਘਰ ਮੂਹਰੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂ ਹਰਪਾਲ ਸਿੰਘ ਮੀਰਪੁਰ ਨੇ ਦੱਸਿਆ ਕਿ ਫਸਲਾਂ ਦੇ ਬਕਾਇਆ ਮੁਆਵਜ਼ੇ ਸਬੰਧੀ ਗੱਲਬਾਤ ਕਰਨ ਵਾਸਤੇ ਵਿਧਾਇਕ ਸਾਹਬ ਵਲੋਂ ਖ਼ੁਦ ਉਨ੍ਹਾਂ ਨੂੰ ਮਿਲਣ ਦਾ ਸਮਾਂ ਦਿੱਤਾ ਗਿਆ ਸੀ ਪਰ 3 ਘੰਟੇ ਦੀ ਉਡੀਕ ਤੋਂ ਬਾਅਦ ਵੀ ਕਿਸਾਨਾਂ ਨਾਲ ਕੋਈ ਗੱਲਬਾਤ ਨਹੀਂ ਕੀਤੀ। ਜਿਸ ਕਰਕੇ ਕਿਸਾਨ ਨਾਅਰੇਬਾਜ਼ੀ ਕਰਨ ਉਪਰੰਤ ਉਨ੍ਹਾਂ ਦੇ ਘਰ ਮੂਹਰੇ ਮੰਗ ਪੱਤਰ ਚਿਪਕਾ ਕੇ ਵਾਪਸ ਪਰਤ ਆਏ।
ਹਾਜ਼ਰ ਕਿਸਾਨ
ਇਸ ਮੌਕੇ ਕੁਲਦੀਪ ਸਿੰਘ ਚਚੋਹਰ, ਜੀਤਾ ਸਿੰਘ ਟਿੱਬੀ, ਲੀਲਾ ਸਿੰਘ ਜਟਾਣਾ, ਬਿੰਦਰ ਸਿੰਘ ਝੰਡਾ, ਪਿਆਰ ਸਿੰਘ, ਭੂਰਾ ਸਿੰਘ ਤੇ ਹੋਰ ਕਿਸਾਨ ਹਾਜ਼ਰ ਸਨ।
ਕੀ ਕਹਿਣਾ ਹੈ ? ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦਾ
ਇਸ ਸਬੰਧੀ ਜਦੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਕੁਝ ਨਹੀਂ ਹੋਇਆ ਸਗੋਂ ਮੈਂ ਤਾਂ ਘਰ ਅੱਗੇ ਪਹੁੰਚੇ ਕਿਸਾਨਾਂ ਨੂੰ ਚਾਹ ਪਾਣੀ ਦਾ ਸੱਦਾ ਵੀ ਦਿੱਤਾ ਸੀ। ਕਿਸਾਨਾਂ ਦੀ ਮੰਗ ਮੁਤਾਬਿਕ ਗੜੇਮਾਰੀ ਨਾਲ ਫਸਲਾਂ ਦੇ ਨੁਕਸਾਨ ਦੀ ਗਿਰਦਾਵਰੀ ਦੇ ਹੁਕਮ ਵੀ ਜਾਰੀ ਹੋ ਚੁੱਕੇ ਹਨ। ਕਿਸਾਨ ਬਿਨਾਂ ਗੱਲਬਾਤ ਕੀਤੇ ਆਪਣੀ ਮਰਜ਼ੀ ਨਾਲ ਹੀ ਵਾਪਸ ਪਰਤ ਗਏ।