ਝੰਡਾ ਕਲਾਂ ਵਿਖੇ ਮਨਾਇਆ, ਸਾਲਾਨਾ ਧਾਰਮਿਕ ਜੋੜ ਮੇਲਾ
ਸਰਦੂਲਗੜ੍ਹ- 11 ਨਵੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਇਤਹਾਸਿਕ ਪਿੰਡ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਹ ਪ੍ਰਾਪਤ ਧਰਤੀ ਝੰਡਾ ਕਲਾਂ ਵਿਖੇ ਉਹਨਾਂ ਦੇ ਆਗਮਨ ਦੀ ਯਾਦ ‘ਚ ਸਾਲਾਨਾ ਧਾਰਮਿਕ ਜੋੜ ਮੇਲਾ ਕਰਵਾਇਆ ਗਿਆ।
ਪਿੰਡ ਵਾਸੀ ਪ੍ਰਸਿੱਧ ਗਜ਼ਲਕਾਰ ਤੇ ਸੇਵਾ ਮੁਕਤ ਲੈਕਚਰਾਰ ਬਲਜੀਤਪਾਲ ਸਿੰਘ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਿਕ ਇਸ ਤਿੰਨ ਦਿਨਾਂ ਮੇਲੇ ਦੌਰਾਨ ਰਾਗੀ ਸਿੰਘਾਂ ਵਲੋਂ ਇਲਾਹੀ ਬਾਣੀ ਦਾ ਰਸਭਿੰਨਾਂ ਕੀਰਤਨ ਗਾਇਨ ਕੀਤਾ ਗਿਆ। ਕਵੀਸ਼ਰੀ ਤੇ ਢਾਡੀ ਜਥਿਆਂ ਨੇ ਗੁਰੂ ਸਾਹਿਬਾਂ ਦੇ ਜੀਵਨ ਬਿਰਤਾਂਤ ਨਾਲ ਸਬੰਧਤ ਵਾਰਾਂ ਪੇਸ਼ ਕੀਤੀਆਂ। ਸਰਵ ਸਾਂਝਾ ਸ੍ਰੀ ਦਸਮੇਸ਼ ਸਪੋਰਟਸ ਕਲੱਬ ਵੱਲੋਂ ਸ਼ਾਨਦਾਰ ਕਬੱਡੀ ਟੂਰਨਾਮੈਂਟ ਵੀ ਕਰਵਾਇਆ ਗਿਆ। ਇਸ ਮੌਕੇ ਬੁੱਢਾ ਦਲ ਦੇ ਮੁਖਤਾਰੇਆਮ ਦੁਆਰਾ ਡੇਢ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ। ਡੇਰਾ ਬਾਬਾ ਸੁਖਾਨੰਦ ਤੋਂ ਬਾਬਾ ਕੁਲਵੰਤ ਸਿੰਘ ਵੱਲੋਂ ਡੇਢ ਲੱਖ ਰੁਪਏ ਕਲੱਬ ਨੂੰ ਤੇ ਪੰਜਾਹ ਹਜ਼ਾਰ ਰੁਪਏ ਲੰਗਰਾਂ ਵਾਸਤੇ ਦਾਨ ਭੇਟਾ ਪ੍ਰਬਧਕਾਂ ਰਾਹੀਂ ਭੇਜੀ ਗਈ। ਪੰਜਾਬ-ਹਰਿਆਣੇ ਦੀਆਂ ਤਕੜੀਆਂ ਕਬੱਡੀ ਟੀਮਾਂ ਨੇ ਆਪਣੀ ਖੇਡ ਦੇ ਜੌਹਰ ਦਿਖਾਏ।
ਵਿਸ਼ੇਸ਼ ਸਨਮਾਨ – ਪਿੰਡ ਝੰਡਾ ਕਲਾਂ ਨਾਲ ਸਬੰਧਤ ਰਹੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਰਾਜਪਾਲ ਸਿੰਘ ਹੁੰਦਲ ਨੂੰ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਤੋਂ ਇਲਾਵਾ ਐਡਵੋਕੇਟ ਹਰਪਾਲ ਸਿੰਘ ਖਾਰਾ, ਇਮਾਨ ਸਿੰਘ ਖਾਰਾ, ਜੋਗਿੰਦਰ ਕੁਮਾਰ ਸੇਵਾ ਮੁਕਤ ਪੁਲਿਸ ਅਧਿਕਾਰੀ ਤੇ ਅੰਮ੍ਰਿਤਪਾਲ ਬੱਬੂ ਨੂੰ ਵੀ ਸਨਮਾਨਿਤ ਕੀਤਾ ਗਿਆ।
ਇਨਾਮੀ ਰਾਸ਼ੀ – ਰਸ਼ਪਾਲ ਸਿੰਘ ਭੁੱਲਰ ਯੂਕੇ ਵੱਲੋਂ ਢਾਈਨਲ ਮੈਚ ਦੇ ਬੈਸਟ ਰੇਡਰ ਤੇ ਬੈਸਟ ਸਟਾਪਰ ਨੂੰ ਮੋਟਰਸਾਈਕਲ ਇਨਾਮ ਵੱਜੋਂ ਦਿੱਤੇ ਗਏ। ਫਾਈਨਲ ਮੈਚ ਦੀ ਜੇਤੂ ਟੀਮ ਨੂੰ ਪਿੰਡ ਦੇ ਭੱਟੀ ਪ੍ਰੀਵਾਰ ਵੱਲੋਂ ਇੱਕ ਲੱਖ ਇੱਕ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਗਿਆ।
ਮੇਲੇ ਦੌਰਾਨ ਬਲਵਿੰਦਰ ਸਿੰਘ ਭੂੰਦੜ ਸਾਬਕਾ ਰਾਜ ਸਭਾ ਮੈਂਬਰ, ਅਜੀਤਇੰਦਰ ਸਿੰਘ ਮੋਫ਼ਰ ਸਾਬਕਾ ਵਿਧਾਇਕ, ਅਜੈਪਾਲ ਮਿੱਡ ਖੇੜਾ, ਪ੍ਰੇਮ ਗਰਗ ਸਰਦੂਲਗੜ੍ਹ ਤੋਂ ਇਲਾਵਾ ਇਲਾਕੇ ਮੁਹਤਬਰ ਵਿਅਕਤੀਆਂ ਨੇ ਵੱਖ ਵੱਖ ਦਿਨਾਂ ‘ਤੇ ਹਾਜ਼ਰੀ ਲਵਾਈ। ਇਸ ਮੌਕੇ ਵੱਡੀ ਗਿਣਤੀ ‘ਚ ਖੇਡ ਪ੍ਰੇਮੀ ਤੇ ਹੋਰ ਲੋਕ ਵੀ ਸ਼ਾਮਲ ਹੋਏ।