ਸਾਹਿਤ ਹਮੇਸ਼ਾ ਨਰੋਏ ਸਮਾਜ ਦੀ ਸੰਕਲਪਨਾ ਕਰਦਾ ਹੈ – ਜਸਪਾਲ ਮਾਨਖੇੜਾ
ਸਰਦੂਲਗੜ੍ਹ-30 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਭਾਰਤੀ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਮਾਲਵਾ ਗਰੁੱਪ ਆਫ ਕਾਲਜਿਜ਼ ਸਰਦੂਲੇਵਾਲਾ ਵਿਖੇ ਪੰਜਾਬੀ ਭਾਸ਼ਾ ਦੇ ਪਸਾਰ ਵਾਸਤੇ ਸੈਮੀਨਾਰ ਕਰਵਾਇਆ। ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਤੇ ਲੈਕਚਰਾਰ ਬਲਜੀਤਪਾਲ ਸਿੰਘ ਨੇ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ। ਉੱਘੇ ਕਹਾਣੀਕਾਰ ਦਰਸ਼ਨ ਜੋਗਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਜਿਸ ਦੌਰਾਨ ਪੰਜਾਬੀ ਕਹਾਣੀ ਦੀ ਦਸ਼ਾ ਤੇ ਦਿਸ਼ਾ ਬਾਰੇ ਵਿਚਾਰ ਚਰਚਾ ਕੀਤੀ ਗਈ। ਪੰਜਾਬੀ ਕਹਾਣੀ ਦੇ ਉਭਰਦੇ ਕਹਾਣੀਕਾਰ ਜਸਵਿੰਦਰ ਧਰਮਕੋਟ ਨੇ ਆਪਣੀ ਕਹਾਣੀ ‘ਸਾਈਲੈਂਟ ਮੋਡ’ ਤੇ ਕਮਲ ਸੇਖੋਂ ਨੇ ‘ਕਾਲੀ ਕੋਇਲ’ ਦਾ ਪਾਠ ਕੀਤਾ। ਜਿਸ ਨੂੰ ਸੁਣ ਕੇ ਸ੍ਰੋਤੇ ਕਾਫੀ ਪ੍ਰਭਾਵਿਤ ਹੋਏ। ਪ੍ਰੋਫ਼ੈਸਰ ਡਾ. ਰਵਿੰਦਰ ਸਿੰਘ ਸੰਧੂ ਨੇ ਕਹਾਣੀਆਂ ਦੀ ਆਲੋਚਨਾਤਮਕ ਚਰਚਾ ਕਰਦੇ ਹੋਏ ਪੰਜਾਬੀ ਕਹਾਣੀ ਦੇ ਮੌਜੂਦਾ ਰਚਨਾਤਮਕ ਢਾਂਚੇ ਬਾਰੇ ਵਿਚਾਰ ਸਾਂਝੇ ਕੀਤੇ। ਨਾਵਲਕਾਰ ਜਸਪਾਲ ਸਿੰਘ ਮਾਨਖੇੜਾ (ਅਕਾਦਮੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ) ਨੇ ਬਤੌਰ ਕਨਵੀਨਰ ਵੱਜੋਂ ਭੂਮਿਕਾ ਅਦਾ ਕਰਦੇ ਹੋਏ ਨੇ ਅਕਾਦਮੀ ਦੀਆਂ ਗਤੀਵਿਧੀਆਂ ਨੂੰ ਪਿੰਡਾਂ, ਸ਼ਹਿਰਾਂ ਤੱਕ ਲੈ ਜਾਣ ਦੀ ਗੱਲ ਕੀਤੀ।ਉਨ੍ਹਾਂ ਕਿਹਾ ਕਿ ਸਾਹਿਤ ਹਮੇਸ਼ਾਂ ਨਰੋਏ ਸਮਾਜ ਦੀ ਸੰਕਲਪਨਾ ਕਰਦਾ ਹੈ। ਇਸ ਮੌਕੇ ਡਾ. ਬਿੱਕਰਜੀਤ ਸਾਧੂਵਾਲਾ, ਚਰਨਜੀਤ ਕੌਰ, ਸੰਸਥਾ ਦੀਆਂ ਵਿ ਦਿਆਰਥਣਾਂ ਤੇ ਹੋਰ ਸਾਹਿਤ ਪ੍ਰੇਮੀ ਹਾਜ਼ਰ ਸਨ।