
ਕੋਚ ਨਿਯੁਕਤ ਕਰਨ ਦੀ ਮੰਗ
ਸਰਦੂਲਗੜ੍ਹ- 22 ਅਗਸਤ 2025 9 (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦਾ ਸ਼ਹਿਰ ਸਰਦੂਲਗੜ੍ਹ ਤਹਿਸੀਲ ਬਣਨ ਦੇ ਤਿੰਨ ਦਹਾਕੇ ਬਾਅਦ ਵੀ ਖੇਡ ਸਹੂਲਤਾਂ ਤੋਂ ਸੱਖਣਾ ਹੈ। ਖੇਡਾਂ ਦੇ ਮਾਮਲੇ ‘ਚ ਸਮੇਂ ਦੀਆਂ ਸਰਕਾਰਾਂ ਵਲੋਂ ਹਰ ਵਾਰ ਇਸ ਨੂੰ ਅੱਖੋਂ ਪਰੋਖੇ ਕੀਤਾ ਗਿਆ। ਇਹ ਵਿਚਾਰ ਸਾਂਝੇ ਕਰਦੇ ਹੋਏ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਇਲਾਕੇ ਅੰਦਰ ਮਲਟੀ-ਗੇਮਜ਼ ਸਟੇਡੀਅਮ ਬਣਾਉਣ ਦੀ ਵਿਊਂਤਬੰਦੀ ਕੀਤੀ ਗਈ ਸੀ ਪਰ ਮਾਮਲਾ ਠੰਢੇ ਬਸਤੇ ਵਿਚ ਪੈ ਗਿਆ। ਉਨ੍ਹਾਂ ਕਿਹਾ ਕਿ ਲੜਕੀਆਂ ਵਾਲੇ ਸਕੂਲ ਵਿਚ ਪੂਰੇ ਸ਼ਹਿਰ ਦਾ ਸਿਰਫ ਇੱਕੋ ਇਕ ਸਿਰਫ ‘ਬਾਸਕਟਬਾਲ’ ਦਾ ਖੇਡ ਮੈਦਾਨ ਹੈ। ਇਹ ਤਕਰੀਬਨ 25 ਸਾਲ ਪਹਿਲਾਂ ਬਾਸਕਟਬਾਲ ਕਲੱਬ, ਸ਼ਹਿਰ ਤੇ ਸਮਾਜ ਸੇਵੀ ਲੋਕਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਸੀ। ਜਿਸ ਲਈ ਖੇਡ ਵਿਭਾਗ ਨੇ ਸ਼ਹਿਰ ਵਾਸੀ ਤੇ ਅੰਤਰਰਾਸ਼ਟਰੀ ਖਿਡਾਰੀ ਕੈਪਟਨ ਗੁਲਜ਼ਾਰ ਸਿੰਘ ਸੰਧੂ ਨੂੰ ਕੋਚ ਨਿਯੁਕਤ ਕੀਤਾ ਸੀ, ਜਿੰਨ੍ਹਾਂ ਦੀ ਅਗਵਾਈ ‘ਚ ਸਰਦੂਲਗੜ੍ਹ ਦੇ ਕਈ ਖਿਡਾਰੀਆਂ ਨੇ ਉਚ ਪੱਧਰ ‘ਤੇ ਨਾਮਣਾ ਖੱਟਿਆ। ਪਰ ਉਨ੍ਹਾਂ ਦੇ ਸੇਵਾਮੁਕਤ ਹੋ ਜਾਣ ਤੋਂ ਬਾਅਦ ਅਜੇ ਤੱਕ ਕੋਚ ਦੀ ਅਸਾਮੀ ਖ਼ਾਲੀ ਹੈ। ਕੋਚ ਨਾ ਹੋਣ ਦੇ ਬਾਵਜੂਦ ਉਸ ਖੇਡ ਮੈਦਾਨ ਅੰਦਰ 50-60 ਲੜਕੀਆਂ ਸਵੇਰੇ-ਸ਼ਾਮ ਅਭਿਆਸ ਕਰ ਰਹੀਆਂ ਹਨ। ਡਾ. ਸਾਧੂਵਾਲਾ ਨੇ ਖੇਡ ਵਿਭਾਗ ਤੋਂ ਮੰਗ ਕੀਤੀ ਹੈ ਉਪਰੋਕਤ ਖੇਡ ਮੈਦਾਨ ਜੋ ‘ਬਾਸਕਟਬਾਲ’ ਦਾ ਵਿੰਗ ਵੀ ਹੈ, ਦੇ ਲਈ ਕੋਚ ਦੀ ਨਿਯੁਕਤੀ ਜਲਦੀ ਕੀਤੀ ਜਾਵੇ।