ਸਿੰਚਾਈ ਮੰਤਰੀ ਦੇ ਘਰ ਮੂਹਰੇ ਧਰਨਾ 7 ਅਕਤੂਬਰ ਨੂੰ
ਸਰਦੂਲਗੜ੍ਹ-21 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ਦੇ ਗੁਰਦੁਆਰਾ ਸਾਹਿਬ ਵਿਖੇ ਜਮਹੂਰੀ ਕਿਸਾਨ ਸਭਾ ਦੇ ਆਗੂ ਜਸਵੀਰ ਸਿੰਘ ਨਾਹਰਾਂ ਦੀ ਅਗਵਾਈ ‘ਚ ਇਕੱਠੇ ਹੋਏ ਕਿਸਾਨਾਂ ਨੇ ਨਹਿਰੀ ਪਾਣੀ ਨਾਲ ਸਬੰਧਤ ਮਸਲੇ ਨੂੰ ਲੈ ਕੇ ਇਕ ਮੀਟਿੰਗ ਕੀਤੀ। ਕਾਮਰੇਡ ਲਾਲ ਚੰਦ, ਸਾਥੀ ਆਤਮਾ ਰਾਮ, ਮੰਗਤ ਰਾਮ ਕਰੰਡੀ ਤੇ ਸ਼ਰਨਜੀਤ ਸਿੰਘ ਮਾਨਖੇੜਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਭਾਖੜਾ ਨਹਿਰ ਨਾਲ ਸਬੰਧਤ ਪਿੰਡਾਂ ਨੂੰ ਪਾਣੀ ਦੀ ਸਪਲਾਈ ਪੂਰੀ ਨਾ ਮਿਲਣ ਕਰਕੇ ਇਲਾਕੇ ਦੇ ਲੋਕਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਫਤਿਹਪੁਰ ਹੈੱਡ ਤੋਂ ਨਿਕਲਦੀ ਨਿਊ ਢੁੱਡਾਲ ਨਹਿਰ ਨਾਲ ਸਬੰਧਤ ਪਿੰਡਾਂ ਦੇ ਖੇਤਾਂ ਨੂੰ ਹਰ ਮਹੀਨੇ 15 ਦਿਨ ਬੰਦੀ ਦਾ ਸੰਤਾਪ ਝੱਲਣਾ ਪੈਂਦਾ ਹੈ। ਇਸ ਨਹਿਰ ਦੀ ਵਾਰ ਬੰਦੀ ਗਵਾਂਢੀ ਰਾਜ ਹਰਿਆਣਾ ਦੇ ਹਿਸਾਬ ਨਾਲ ਬਣਦੀ ਹੈ। ਜਿਸ ਕਰਕੇ ਫਸਲਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਘੱਗਰ ਪਾਰ ਦੇ ਬਹੁਤੇ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਨਹੀਂ ਜਿਸ ਕਰਕੇ ਬੰਦੀ ਦੌਰਾਨ ਲੋਕ ਸਖ਼ਤੇ ਵਿਚ ਆ ਜਾਂਦੇ ਹਨ।
ਸਿੰਚਾਈ ਮੰਤਰੀ ਘਰ ਮੂਹਰੇ ਲਗਾਉਣੇ ਧਰਨਾ :
ਮੀਟਿੰਗ ਵਿਚ ਕਿਸਾਨਾਂ ਨੇ ਫੈਸਲਾ ਕੀਤਾ ਕਿ ਪੰਜਾਬ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਆਉਣ ਵਾਲੀ 7 ਅਕਤੂਬਰ 2024 ਨੂੰ ਸਿੰਚਾਈ ਮੰਤਰੀ ਦੇ ਘਰ ਮੂਹਰੇ ਇਕ ਦਿਨਾਂ ਧਰਨਾ ਲਗਾਇਆ ਜਾਵੇਗਾ। ਜੇਕਰ ਫਿਰ ਵੀ ਗੱਲ ਨਾ ਬਣੀ ਤਾਂ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਉਲੀਕੀ ਜਾਵੇਗੀ। ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਪੈਟਰਨ ‘ਤੇ ਬੰਦੀ ਦੇ ਦੌਰਾਨ ਵੀ ਬਣਦਾ 400 ਕਿਊਸਕ ਪਾਣੀ ਨਿਊ ਢੁੱਡਾਲ ਨਹਿਰ ਵਿਚ ਛੱਡਿਆ ਜਾਵੇ। ਇਸ ਮੌਕੇ ਗੁਰਦੇਵ ਸਿੰਘ ਲੋਹਗੜ੍ਹ, ਦਵਿੰਦਰ ਸਿੰਘ, ਵਕੀਲ ਚੰਦ ਮਾਨਖੇੜਾ, ਰਾਜ ਸਿੰਘ ਰੋੜਕੀ, ਕਾਲਾ ਸ਼ਰਮਾ ਝੰਡਾ ਕਲਾਂ, ਹਰਭਜਨ ਸਿੰਘ ਦੰਦੀਵਾਲ ਸਰਦੂਲਗੜ੍ਹ, ਕ੍ਰਿਪਾਲ ਸਿੰਘ ਨਾਹਰਾਂ ਤੇ ਹੋਰ ਕਿਸਾਨ ਹਾਜ਼ਰ ਸਨ।