ਮਾਮਲਾ ਮੁਆਵਜ਼ਾ ਰਾਸ਼ੀ ਨਾ ਦੇਣ ਦਾ
ਸਰਦੂਲਗੜ੍ਹ -5 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ)
ਮਜ਼ਦੂਰ ਮੁਕਤੀ ਮੋਰਚਾ ਪੰਜਾਬ (ਆਇਰਲਾ) ਦੀ ਅਗਵਾਈ ‘ਚ ਪਿੰਡ ਰਾਮਾਨੰਦੀ ਵਿਖੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਇਕੱਤਰਾ ਕੀਤੀ ਗਈ। ਪ੍ਰੈੱਸ ਬਿਆਨ ਰਾਹੀਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਘਰਾਂਗਣਾਂ ਨੇ ਦੱਸਿਆ ਕਿ ਇਕ ਫਾਈਨਾਂਸ ਕੰਪਨੀ ਵਲੋਂ ਉਪਰੋਕਤ ਪਿੰਡ ਦੀ ਵਸਨੀਕ ਸੁਖਪਾਲ ਕੌਰ ਪਤਨੀ ਜੁਗਰਾਜ ਸਿੰਘ ਨੂੰ ਉਸ ਦੀ ਬਿਮਾਰੀ ਸਮੇਂ ਬਣਦੀ ਮੁਆਵਜ਼ਾ ਰਾਸ਼ੀ ਨਹੀਂ ਦਿੱਤੀ ਗਈ, ਸਗੋਂ ਲਾਰੇ ਲਗਾ ਕੇ ਕਾਫੀ ਸਮੇਂ ਤੋਂ ਖੱਜਲ਼ ਖੁਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰ ਭਾਈਚਾਰੇ ਨਾਲ ਬੇਇਨਸਾਫੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜੇਕਰ 15 ਦਿਨਾਂ ਦੇ ਨਿਸ਼ਚਿਤ ਸਮੇਂ ਅੰਦਰ ਮੁਆਵਜ਼ਾ ਰਾਸ਼ੀ ਨਾ ਦਿੱਤੀ ਗਈ ਤਾਂ ਜਥੇਬੰਦੀ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ। ਇਸ ਮੌਕੇ ਇਕ ਨਵੀਂ ਕਮੇਟੀ ਦਾ ਗਠਨ ਕੀਤਾ, ਜਿਸ ਦੇ ਸੁਰਿੰਦਰ ਸਿੰਘ ਪ੍ਰਧਾਨ ਤੇ ਜੁਗਰਾਜ ਸਿੰਘ ਨੂੰ ਸਕੱਤਰ ਚੁਣਿਆ ਗਿਆ। ਆਇਸਾ ਦੇ ਸੁਬਾਈ ਆਗੂ ਸੁਖਜੀਤ ਰਾਮਾਨੰਦੀ ਨੇ ਵੀ ਮਜ਼ਦੂਰ ਸੰਘਰਸ਼ ਦੇ ਸਮਰਥਨ ਕਰਨ ਦਾ ਐਲਾਨ ਕੀਤਾ। ਇਸ ਮੌਕੇ ਖੁਸ਼ਪ੍ਰੀਤ ਸਿੰਘ, ਬਲਜੀਤ ਸਿੰਘ, ਗੁਰਨੈਬ ਸਿੰਘ, ਭਿੰਦਰ ਸਿੰਘ, ਸੁਖਜੀਤ ਸਿੰਘ, ਟੇਕ ਸਿੰਘ, ਸੁਖਚੈਨ ਸਿੰਘ ਹਾਜ਼ਰ ਸਨ।