ਐਫ.ਸੀ.ਆਈ. ਗੋਦਾਮ ਮੂਹਰੇ ਲਗਾਇਆ ਧਰਨਾ
ਸਰਦੂਲਗੜ੍ਹ-5 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ)
ਸ਼ੈਲਰ ਮਾਲਕਾਂ ਪ੍ਰਤੀ ਐਫ.ਸੀ.ਆਈ. ਅਧਿਕਾਰੀਆਂ ਦੇ ਵਰਤਾਓ ਨੂੰ ਲੈ ਕੇ ਮਾਨਸਾ ਵਿਖੇ ਸ਼ੈਲਰ ਐਸੋਸੀਏਸ਼ਨ ਵਲੋਂ ਐਫ.ਸੀ.ਆਈ. ਗੋਦਾਮ ਮੂਹਰੇ ਧਰਨਾ ਲਗਾਇਆ ਗਿਆ। ਲਗਾਤਾਰ 2 ਦਿਨ ਚੱਲੇ ਇਸ ਧਰਨੇ ‘ਚ ਸ਼ੈਲਰ ਮਾਲਕਾਂ ਨੇ ਉਕਤ ਮਹਿਕਮੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਕਰ ਕੇ ਆਪਣੀ ਭੜਾਸ ਕੱਢੀ। ਐਸੋਸੀਏਸ਼ਨ ਦੇ ਮੈਂਬਰ ਰਾਜੀਵ ਕੁਮਾਰ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਸ਼ੈਲਰ ਮਾਲਕਾਂ ਨੇ ਫੈਸਲਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਝੋਨੇ ਦੀ ਅਗਲੀ ਫਸਲ ਖਰੀਦ ਨਹੀਂ ਕੀਤੀ ਜਾਵੇਗੀ। ਐਸੋਸੀਏਸ਼ਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਲੋੜ ਪਈ ਤਾਂ ਹਾਈਕੋਰਟ ਦਾ ਦਰਵਾਜਾ ਵੀ ਖੜਕਾਇਆ ਜਾਵੇਗਾ। ਇਸ ਮੌਕੇ ਸੁਰੇਸ਼ ਕੁਮਾਰ ਕਰੋੜੀ, ਰਾਜੀਵ ਕੁਮਾਰ ਮਾਨਾਂ ਵਾਲਾ, ਧਰਮਪਾਲ ਸ਼ਮਟੂ, ਪਾਲ ਚੰਦ ਪਾਲਾ, ਸੁਮਿਤ ਕੁਮਾਰ ਸ਼ੈਲੀ, ਮੱਖਣ ਲਾਲ, ਨਰੈਣ ਪ੍ਰਕਾਸ਼, ਬਾਵਾ, ਰਾਕੇਸ਼ ਕੁਮਾਰ, ਰੌਬਿਨ, ਭੀਮ ਸੈਨ, ਲੱਕੀ, ਵਿਨੋਦ ਚੌਧਰੀ, ਆਸ਼ੂ ਚਾਂਦਪੁਰੀਆ, ਅਸ਼ੋਕ ਕੁਮਾਰ ਹਾਜ਼ਰ ਸਨ।