ਈਕੋ ਵ੍ਹੀਲਰ ਸਾਈਕਲ ਕਲੱਬ ਮਾਨਸਾ ਨੇ ਮਨਾਇਆ ਵਰਲਡ ਬਾਈ-ਸਾਈਕਲ-ਡੇ
ਸਰਦੂਲਗੜ੍ਹ-3 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ)
ਈਕੋ ਵ੍ਹੀਲਰ ਸਾਈਕਲ ਕਲੱਬ ਮਾਨਸਾ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ‘ਚ ਵਰਲਡ ਬਾਈ-ਸਾਈਕਲ-ਡੇ ਮਨਾਇਆ ਗਿਆ। ਮਾਨਸਾ ਸ਼ਹਿਰ ਦੇ ਬੱਸ ਸਟੈਂਡ ਚੌਂਕ ਤੋਂ ਸਨਾਵਰ ਸਕੂਲ ਭੋਪਾਲ ਤੱਕ ਸਾਈਕਲ ਰਾਈਡ ਲਗਾਈ ਗਈ। ਇਸ ਦੌਰਾਨ ਰੱਸਾ-ਕਸੀ ਤੇ ਬਾਸਕਟ ਬਾਲ ਖੇਡ ਦੇ ਮੁਕਾਬਲੇ ਵੀ ਕਰਵਾਏ ਗਏ । ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਈਕੋ ਵ੍ਹੀਲਰ ਸਾਈਕਲ ਕਲੱਬ ਪੰਜਾਬ ਦਾ ਮੋਹਰੀ ਸਾਈਕਲ ਕਲੱਬ ਹੈ। ਇਸ ਕਲੱਬ ਦੇ ਮੈਂਬਰ ਹਰ ਸਾਲ ਵਰਲਡ ਬਾਈ-ਸਾਈਕਲ-ਡੇ ਮਨਾਉਂਦੇ ਹਨ। ਉਨ੍ਹਾਂ ਦੱਸਿਆ ਕਿ ਕਲੱਬ ਦੇ ਕਈ ਮੈਂਬਰਾਂ ਨੇ ਅੱਠ-ਅੱਠ ਵਾਰ ਹਜ਼ਾਰ ਕਿਲੋਮੀਟਰ, 1200 ਕਿਲੋਮੀਟਰ ਰਾਈਡ ਲਗਾ ਕੇ ਈਕੋ ਵ੍ਹੀਲਰ ਦਾ ਨਾਮ ਰੋਸ਼ਨ ਕੀਤਾ ਹੈ। ਕਲੱਬ ਦੇ ਸਰਪ੍ਰਸਤ ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਵਰਲਡ ਸਾਈਕਲ ਡੇ ਨੂੰ ਮਨਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਸਿਹਤ ਸੰਭਾਲ ਪ੍ਰਤੀ ਜਾਗਰੂਕ ਕਰਨਾ ਹੈ। ਕਲੱਬ ਦੇ ਵਾਈਸ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਈਕੋ ਵ੍ਹੀਲਰ ਸਾਈਕਲ ਕਲੱਬ ਦਾ ਮੈਂਬਰ ਹੋਣਾ ਆਪਣੇ ਆਪ ਵਿਚ ਇਕ ਵੱਡੀ ਪ੍ਰਾਪਤੀ ਹੈ। ਸਨਾਵਰ ਸਕੂਲ ਦੇ ਮੈਨੇਜ਼ਿੰਗ ਡਾਇਰੈਕਟਰ ਬਲਜੀਤ ਸਿੰਘ ਬੱਲੀ ਨੇ ਸਾਈਕਲ ਕਲੱਬ ਦੇ ਮੈਂਬਰਾਂ ਦਾ ਉਨ੍ਹਾਂ ਦੇ ਸਕੂਲ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਈਕੋ ਵ੍ਹੀਲਰ ਸਾਈਕਲ ਕਲੱਬ ਦੇ ਮੈਂਬਰ ਤੇ ਸਨਾਵਰ ਸਕੂਲ ਭੋਪਾਲ ਦੀ ਮੈਨੇਜਮੈਂਟ ਕਮੇਟੀ ਤੇ ਪਿੰਡ ਵਾਸੀ ਹਾਜ਼ਰ ਸਨ। ਅੰਤ ਵਿਚ ਕੇਕ ਕੱਟ ਕੇ ਵਰਲਡ ਬਾਈ-ਸਾਈਕਲ ਡੇ ਮਨਾਉਣ ਦੀ ਰਸਮ ਅਦਾ ਕੀਤੀ ਗਈ।