ਪੰਜਾਬ ਦੇ ਨਹਿਰੀ ਪਾਣੀਆਂ ਦਾ ਮਸਲਾ ਭਖਿਆ, ਦੂਜੇ ਰਾਜਾਂ ਨੂੰ ਪਾਣੀ ਦਿੱਤੇ ਜਾਣ ਦਾ ਖਦਸ਼ਾ
ਸਰਦੁਲਗੜ੍ਹ-16 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਦੇ ਨਹਿਰੀ ਪਾਣੀਆਂ ਨੂੰ ਲੈ ਕੇ ਮਸਲਾ ਇਕ ਵਾਰ ਫਿਰ ਭਖਿਆ ਨਜ਼ਰ ਆਉਂਦਾ ਹੈ। ਬੀਤੇ ਦਿਨੀਂ ਇਕ ਟੀ.ਵੀ. ਚੈਨਲ ‘ਤੇ ਪ੍ਰਸਾਰਿਤ ਰਿਪੋਰਟ ‘ਚ ਨਹਿਰੀ ਪਟਵਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਤੇ ਚੇਅਰਮੈਨ ਕੁਲਦੀਪ ਸਿੰਘ ਮਸਤਾਨ ਨੇ ਦੂਜੇ ਰਾਜਾਂ ਨੂੰ ਪਾਣੀ ਦੇਣ ਦੀ ਵਿਊਂਤ ਬੰਦੀ ਦਾ ਪਰਦਾਫਾਸ਼ ਕੀਤਾ ਹੈ। ਉਨ੍ਹਾਂ ਖੁਲਾਸੇ ਕੀਤੇ ਹਨ ਕਿ ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਪਟਵਾਰੀਆਂ ‘ਤੇ ਅੰਦਰਖਾਤੇ ਦਬਾਅ ਬਣਾ ਰਹੇ ਹਨ ਕਿ ਇਸ ਤਰਾਂ ਦੀਆਂ ਰਿਪੋਰਟਾਂ ਬਣਾਓ, ਜਿਸ ਤੋਂ ਸਾਬਿਤ ਹੋਵੇ ਕਿ ਰਾਜ ਦਾ ਪੂਰਾ ਵਾਹੀਯੋਗ ਰਕਬਾ ਨਹਿਰੀ ਪਾਣੀ ਹੇਠ ਹੈ। ਉਨ੍ਹਾਂ ਮੁਤਾਬਿਕ 20 ਤੋਂ 22 ਫੀਸਦੀ ਰਕਬੇ ਨੂੰ ਹੀ ਨਹਿਰੀ ਮਿਲਦਾ ਹੈ, ਬਾਕੀ ਥਾਵਾਂ ਤੇ ਸਿੰਚਾਈ ਟਿਊਬਵੈੱਲਾਂ ਨਾਲ ਹੀ ਕੀਤੀ ਜਾਂਦੀ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੀ ਮਨਸ਼ਾ ‘ਤੇ ਸ਼ੱਕ ਜਤਾਉਂਦੇ ਹੋਏ ਕਿਹਾ ਹੈ ਕਿ ਇਹ ਸਭ ਕੁਝ ਸੂਬੇ ਦਾ ਪਾਣੀ ਦੂਜੇ ਰਾਜਾਂ ਨੂੰ ਦੇਣ ਦੀ ਤਿਆਰੀ ਦਾ ਹਿੱਸਾ ਹੈ। ਉਨ੍ਹਾਂ ਮੰਗ ਕੀਤੀ ਕਿ ਗਲਤ ਰਿਪੋਰਟਾਂ ਤਿਆਰ ਕਰਾਉਣ ਦੇ ਮਾਮਲੇ ਦੀ ਜਾਂਚ ਕੀਤੀ ਜਾਵੇ।