ਸਰਦੂਲਗੜ੍ਹ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ‘ਥੈਲੇਸੀਮੀਆ’ ਦਿਵਸ
ਸਰਦੂਲਗੜ੍ਹ-8 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਿਵਲ ਸਰਜਨ ਮਾਨਸਾ ਡਾ. ਹਰਦੇਵ ਸਿੰਘ ਦੇ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮਨਾਇਆ ਗਿਆ। ਡਾ. ਰਵਨੀਤ ਨੇ ਦੱਸਿਆ ਕਿ ਥੈਲੇਸੀਮੀਆ ਬਿਮਾਰੀ ਕਾਰਨ ਵਿਅਕਤੀ ਦੇ ਸਰੀਰ ਅੰਦਰ ਖੂਨ ਦੇ ਲਾਲ ਸੈੱਲ ਬਣਾਉਣ ਦੀ ਸ਼ਕਤੀ ਘੱਟ ਜਾਂ ਬਿਲਕੁਲ ਖ਼ਤਮ ਹੋ ਜਾਂਦੀ ਹੈ। ਸਰੀਰਕ ਵਾਧਾ ਤੇ ਵਿਕਾਸ ‘ਚ ਦੇਰੀ, ਕਮਜ਼ੋਰੀ, ਥਕਾਵਟ, ਚਿਹਰੇ ਦੀ ਬਨਾਵਟ ‘ਚ ਬਦਲਾਅ, ਗਾੜ੍ਹਾ ਪਿਸ਼ਾਬ, ਚਮੜੀ ਦਾ ਪੀਲਾ ਹੋਣਾ, ਜਿਗਰ ਤੇ ਤਿੱਲੀ ਦਾ ਵਧਣਾ ਇਸ ਰੋਗ ਦੇ ਲੱਛਣ ਹਨ। ਇਸ ਬਿਮਾਰੀ ਦੀ ਜਾਂਚ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, ਏਮਜ਼ ਬਠਿੰਡਾ, ਸਰਕਾਰੀ ਹਸਪਤਾਲ ਲੁਧਿਆਣਾ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ ਵਿਖੇ ਕੀਤੀ ਜਾਂਦੀ ਹੈ। ਗਰਭਵਤੀ ਔਰਤਾਂ ਨੂੰ ਇਸ ਦੀ ਜਾਂਚ ਜ਼ਰੂਰ ਕਰਾਉਣੀ ਚਾਹੀਦੀ ਹੈ। ਇਸ ਮੌਕੇ ਬਲਾਕ ਐਜੂਕੇਟਰ ਤ੍ਰਿਲੋਕ ਸਿੰਘ, ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਕਮਿਊਨਿਟੀ ਹੈਲਥ ਅਫ਼ਸਰ ਰੁਪਿੰਦਰ ਕੌਰ, ਸਿਹਤ ਕਰਮਚਾਰੀ ਜੀਵਨ ਸਿੰਘ ਸਹੋਤਾ, ਹਰਜੀਤ ਕੌਰ ਤੇ ਆਸ਼ਾ ਵਰਕਰ ਹਾਜ਼ਰ ਸਨ।