ਸੈਮੀਨਾਰ ਤੇ ਮੌਕ ਡਰਿਲ ਰਾਹੀਂ ਲੋਕਾਂ ਨੂੰ ਕੀਤਾ ਜਾਵੇਗਾ ਜਾਗਰੂਕ
ਸਰਦੂਲਗੜ੍ਹ-18 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਫਾਇਰ ਬ੍ਰਿਗੇਡ ਵਿਭਾਗ ਦਫ਼ਤਰ ਸਰਦੂਲਗੜ੍ਹ ਨੇ ਉੱਪਰੀ ਹਦਾਇਤਾਂ ਮੁਤਾਬਿਕ 80ਵੇਂ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਦੀ ਸ਼ੁਰੂਆਤ ਕੀਤੀ। ਜਿਸ ਦੌਰਾਨ ਸ਼ਹਿਰ ਦੀ ਹਦੂਦ ਅੰਦਰ ਰੋਡ ਸ਼ੋਅ ਤੋਂ ਇਲਾਵਾ ਕੁਝ ਥਾਵਾਂ ਤੇ ਮੌਕ ਡਰਿਲ ਕੀਤੀ ਗਈ। ਫਾਇਰ ਸਟੇਸ਼ਨ ਅਫਸਰ ਹਰਿੰਦਰ ਪਾਲ ਸਿੰਘ ਨੇ ਦੱਸਿਆ ਕਿ 14 ਅਪ੍ਰੈਲ ਤੋਂ 20 ਅਪ੍ਰੈਲ ਤੱਕ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਦਾ ਵਿਸ਼ਾ ‘ਅੱਗ ਸੁਰੱਖਿਆ ਨੂੰ ਯਕੀਨੀ ਬਣਾਓ, ਰਾਸ਼ਟਰ ਨਿਰਮਾਣ ‘ਚ ਯੋਗਦਾਨ ਪਾਓ’ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਸਿੱਖਿਆ ਸੰਸਥਾਵਾਂ, ਹਸਪਤਾਲਾਂ, ਹੋਟਲਾਂ, ਧਾਰਮਿਕ ਅਸਥਾਨਾਂ ਸਮੇਤ ਜਨਤਕ ਇਕੱਠ ਹੋਣ ਵਾਲੀਆਂ ਥਾਵਾਂ ‘ਤੇ ਸੈਮੀਨਾਰ ਤੇ ਦੂਜੇ ਸਾਧਨਾਂ ਰਾਹੀਂ ਜਾਣਕਾਰੀ ਪ੍ਰਦਾਨ ਕੀਤੀ ਜਾਵੇਗੀ। ਇਸ ਮੌਕੇ ਸੰਨ 1994 ਦੌਰਾਨ ਅੱਗ ਲੱਗਣ ਦੀ ਘਟਨਾ ‘ਚ ਬੰਬਈ ਸਰਵਿਸ ਦੇ ਸ਼ਹੀਦ ਹੋਏ 71 ਜਵਾਨਾਂ ਦੀ ਯਾਦ ‘ਚ 2 ਮਿੰਟ ਦਾ ਮੋਨ ਰੱਖਿਆ ਗਿਆ। ਸੀਨੀਅਰ ਫਾਇਰ ਅਫ਼ਸਰ ਊਧਮ ਸਿੰਘ, ਬੂਟਾ ਸਿੰਘ, ਹਰਵਿੰਦਰ ਸਿੰਘ, ਮਨਿੰਦਰ ਸਿੰਘ, ਗੁਰਜੀਤ ਸਿੰਘ, ਗੁਰਜੰਟ ਸਿੰਘ, ਕੁਲਵਿੰਦਰ ਸਿੰਘ, ਹਰਪਾਲ ਸਿੰਘ ਹਾਜ਼ਰ ਸਨ।