ਸਿਹਤਮੰਦ ਸਾਹਿਤ, ਸਿਹਤਮੰਦ ਸਮਾਜ ਦਾ ਪ੍ਰਤੀਕ ਹੁੰਦਾ ਹੈ-ਸੋਢੀ
ਸਰਦੂਲਗੜ੍ਹ-12 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਾਹਿਤਕਾਰ ਬਲਜੀਤਪਾਲ ਸਿੰਘ ਦਾ ਪੰਜਵਾਂ ਗਜ਼ਲ ਸੰਗ੍ਰਹਿ ‘ਰੁੱਤ ਕਰੁੱਤ’ ਮਾਲਵਾ ਕਾਲਜ ਸਰਦੂਲੇਵਾਲਾ ਵਿਖੇ ਇਕ ਸਾਦਾ ਸਮਾਗਮ ਦੌਰਾਨ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਚੇਅਰਮੈਨ ਜਤਿੰਦਰ ਸਿੰਘ ਸੋਢੀ ਨੇ ਕਿਹਾ ਕਿ ਸ਼ਾਇਰ ਨੇ ‘ਰੁੱਤ ਕਰੁੱਤ’ ਵਿਚ ਹਰ ਪੱਖ ਦੀ ਗੱਲ ਬਹੁਤ ਡੂੰਘਾਈ ਤੇ ਰਮਜ਼ ਨਾਲ ਕੀਤੀ ਹੈ। ਇਹ ਪੁਸਤਕ ਸਮਾਜਿਕ ਬੁਰਾਈਆਂ ਤੇ ਢੁਕਵਾਂ ਵਿਅੰਗ ਹੈ। ਉਨ੍ਹਾਂ ਕਿਹਾ ਜਿਸ ਦੇਸ਼, ਕੌਮ ਦਾ ਸਾਹਿਤ ਸਿਹਤਮੰਦ ਹੋਵੇ, ਉੱਥੇ ਹੀ ਨਰੋਏ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਹੋ ਸਕਦੀ ਹੈ। ਇਸੇ ਲਈ ਕਿਹਾ ਜਾਂਦਾ ਹੈ ਕਿ ਸਿਹਤਮੰਦ ਸਾਹਿਤ ਇਕ ਸਿਹਤਮੰਦ ਸਮਾਜ ਦਾ ਪ੍ਰਤੀਕ ਹੁੰਦਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਲੇਖਕ ਦੇ ਚਾਰ ਗਜ਼ਲ ਸੰਗ੍ਰਹਿ ‘ਸੂਰਜ ਦੇ ਪਿਛਵਾੜੇ’ ‘ਬੁੱਤਾਂ ਵਰਗੇ ਲੋਕ’ ‘ਸਿਤਾਰੇ ਭਾਲਦੇ ਰਹਿਣਾ’ ‘ਆਪਣੇ ਤੋਂ ਜੁਦਾ’ ਸਾਹਿਤ ਜਗਤ ਦੇ ਵਿਹੜੇ ਵਿਚ ਹਨ। ਪੰਜਾਬੀ ਲੈਕਚਰਾਰ ਮੈਡਮ ਸਿੰਬਲਪਾਲ, ਬੀ. ਏ. ਫਾਈਨਲ ਦੀ ਵਿਦਿਆਰਥਣ ਕਮਲਜੀਤ ਕੌਰ ਨੇ ਵੀ ਸਾਹਿਤ ਰਚਨਾ ਸਬੰਧੀ ਵਿਚਾਰ ਸਾਂਝੇ ਕੀਤੇ। ਇਸ ਮੌਕੇ ਸੰਸਥਾ ਦੇ ਮੈਨੇਜ਼ਿੰਗ ਡਾਇਰੈਕਟਰ ਰਾਜ ਸੋਢੀ ਲੈਕਚਰਾਰ ਜਸਪਾਲ ਕੌਰ, ਰਕਸ਼ਾ ਰਾਣੀ, ਰੇਖਾ ਰਾਣੀ, ਅਮਨਦੀਪ ਕੋਰ , ਆਸ਼ੂ ਸਿੰਗਲਾ, ਗੁਰਦੀਪ ਸਿੰਘ, ਚਰਨਜੀਤ ਸਿੰਘ ਹਾਜ਼ਰ ਸਨ।