(ਘੱਗਰ ਦਾ ਪਾਣੀ ਬਣਿਆ ਖਾਲ਼ ਬੰਦ ਹੋਣ ਦਾ ਕਾਰਨ)
ਸਰਦੂਲਗੜ੍ਹ-3 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ)
ਮੀਰਪੁਰ ਖੁਰਦ ਦੇ ਲੋਕ ਨਹਿਰੀ ਖਾਲ਼ ਬੰਦ ਹੋਣ ਕਾਰਨ ਫਸਲਾਂ ਦੀ ਸਿੰਚਾਈ ਲਈ ਪਾਣੀ ਦੀ ਬੂੰਦ ਬੂੰਦ ਨੂੰ ਤਰਸ ਰਹੇ ਹਨ।ਪਿੰਡ ਵਾਸੀ ਹਰਦਮ ਸਿੰਘ, ਸਿਮਰਜੀਤ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਜਸਪ੍ਰੀਤ ਸਿੰਘ, ਜਗਪਾਲ ਸਿੰਘ, ਮਲਕੀਤ ਸਿੰਘ ਨੇ ਦੱਸਿਆ ਕੀ ਬੋਹਾ ਰਜਵਾਹੇ ਦੀ 10 ਨੰ. ਬੁਰਜੀ ਤੋਂ (ਮੋਘਾ ਨੰ. 2750) ਖੇਤਾਂ ਲਈ ਇਕ ਖਾਲ਼ ਬਣਿਆ ਹੋਇਆ ਸੀ। ਜਿਸ ਦੇ ਪਾਣੀ ਨਾਲ ਤਕਰੀਬਨ 800 ਏਕੜ ਰਕਬੇ ਦੀ ਸਿੰਚਾਈ ਹੁੰਦੀ ਸੀ। ਪਿਛਲੇ ਲੱਗਭੱਗ 15 ਸਾਲਾਂ ਤੋਂ ਇਹ ਖਾਲ਼ ਮਿੱਟੀ ਭਰ ਜਾਣ ਨਾਲ ਪੂਰੀ ਤਰਾਂ ਬੰਦ ਹੋ ਗਿਆ। ਜਿਸ ਕਰਕੇ ਵੱਡੀ ਪੱਧਰ ਤੇ ਫਸਲਾਂ ਹੁਣ ਨਹਿਰੀ ਪਾਣੀ ਦੀ ਸਿੰਚਾਈ ਤੋਂ ਵਾਂਝੀਆਂ ਰਹਿ ਜਾਂਦੀਆ ਹਨ।
ਘੱਗਰ ਦਾ ਪਾਣੀ ਬਣਿਆ ਖਾਲ਼ ਬੰਦ ਹੋਣ ਦਾ ਮੁੱਖ ਕਾਰਨ – ਕਿਸਾਨਾਂ ਨੇ ਦੱਸਿਆ ਕਿ ਘੱਗਰ ਦਾ ਹੜ੍ਹ ਆਉਣ ਕਰਕੇ ਰੇਤ ਭਰ ਜਾਣ ਨਾਲ ਖਾਲ਼ ਬੰਦ ਹੋਇਆ। ਜਿਸ ਨੂੰ ਦੁਬਾਰਾ ਚਾਲੂ ਕਰਾਉਣ ਦੀ ਖੇਚਲ ਕਿਸੇ ਵੀ ਸਰਕਾਰ ਨੇ ਨਹੀਂ ਕੀਤੀ। ਜ਼ਿਕਰ ਯੋਗ ਹੈ ਘੱਗਰ ਕੰਢੇ ਤੇ ਵਸੇ ਪਿੰਡ ਬਰਨ, ਭਗਵਾਨਪੁਰ ਹੀਂਗਣਾ, ਰਣਜੀਤਗੜ੍ਹ ਬਾਂਦਰ, ਮੀਰਪੁਰ ਕਲਾਂ, ਮੀਰਪੁਰ ਖੁਰਦ, ਸਰਦੂਲੇਵਾਲਾ ਨੂੰ ਘੱਗਰ ਦੇ ਹੜ੍ਹ ਕਾਰਨ ਹਰ ਵਾਰ ਵੱਡੀ ਮਾਰ ਝੱਲਣੀ ਪੈਂਦੀ ਹੈ। ਮੀਰਪੁਰ ਖੁਰਦ ਦੇ ਸਮੂਹ ਕਿਸਾਨਾਂ ਦੀ ਸਰਕਾਰ ਤੋਂ ਮੰਗ ਹੈ ਕਿ ਬੀਤੇ ਡੇਢ ਦਹਾਕੇ ਤੋਂ ਬੰਦ ਪਏ ਇਸ ਖਾਲ਼ ਨੂੂ ਨਵੇਂ ਸਿਰਿਓਂ ਬਣਾ ਕੇ ਚਾਲੂ ਕੀਤਾ ਜਾਵੇ ਤਾਂ ਜੋ ਫਸਲਾਂ ਨੂੰ ਲੋੜੀਂਦਾ ਤੇ ਸਮੇਂ ਸਿਰ ਪਾਣੀ ਦਿੱਤਾ ਜਾ ਸਕੇ।