ਡੇਰਾ ਬਾਬਾ ਹੱਕਤਾਲਾ ਵਿਖੇ ਸਾਲਾਨਾ ਧਾਰਮਿਕ ਜੋੜ ਮੇਲਾ ਸਮਾਪਤ
ਸਰਦੂਲਗੜ੍ਹ-2 ਮਾਰਚ (ਪ੍ਰਕਾਸ਼ ਸਿੰਘ ਜ਼ੈਲਦਾਰ )
ਸਥਾਨਕ ਸ਼ਹਿਰ ਦੇ ਡੇਰਾ ਬਾਬਾ ਹੱਕਤਾਲਾ ਵਿਖੇ ਲੰਘੀ 29 ਫਰਵਰੀ ਦੇ ਦਿਨ ਤਿੰਨ ਰੋਜ਼ਾ 60ਵਾਂ ਧਾਰਮਿਕ ਜੋੜ ਮੇਲਾ ਸਮਾਪਤ ਹੋਇਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਕੀਤੇ ਗਏ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ। ਇਲਾਕਾ ਭਰ ਤੋਂ ਵੱਡੀ ਗਿਣਤੀ ‘ਚ ਸੰਗਤਾਂ ਸੰਤਾਂ-ਮਹਾਂਪੁਰਸ਼ਾਂ ਦੇ ਅਸਥਾਨ ਤੇ ਨਤਮਸਤਕ ਹੋਈਆਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਮਾਤਾ ਹਰਪਾਲ ਕੌਰ ਨੇ ਵਿਸ਼ੇਸ਼ ਤੌਰ ਤੇ ਡੇਰਾ ਹੱਕਤਾਲਾ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਂਪੁਰਖਾਂ ਦਾ ਆਸ਼ੀਰਵਾਦ ਲਿਆ। ਪ੍ਰਬੰਧਕ ਕਮੇਟੀ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਅੱਗਰਵਾਲ ਸਭਾ ਨੇ ਲਗਾਇਆ ਖੂਨਦਾਨ ਕੈਂਪ
ਮੇਲੇ ਦੇ ਆਖਰੀ ਦਿਨ ਅੱਗਰਵਾਲ ਸਭਾ ਸਰਦੂਲਗੜ੍ਹ ਦੁਆਰਾ ਖੂਨਦਾਨ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਨੇ ਕੀਤਾ। ਗੁਪਤਾ ਬਲੱਡ ਬੈਂਕ ਬਠਿੰਡਾ ਦੀ ਟੀਮ ਨੇ ਡਾ. ਅਸ਼ੋਕ ਕੁਮਾਰ ਦੀ ਨਿਗਰਾਨੀ ‘ਚ ਖੂਨ ਇਕੱਠਾ ਕੀਤਾ। 80 ਵਿਅਕਤੀਆਂ ਨੇ ਖੂਨਦਾਨ ਕੀਤਾ। ਲੈਬਾਰਟਰੀ ਐਸੋਸੀਏਸ਼ਨ ਵਲੋਂ ਬਲੱਡ ਤੇ ਸ਼ੂਗਰ ਦੇ ਟੈਸਟ ਮੁਫ਼ਤ ਕੀਤੇ ਗਏ ਕੈਮਿਸਟ ਐਸੋਸੀਏਸ਼ਨ ਦੀ ਤਰਫੋਂ ਮਰੀਜ਼ਾਂ ਨੂੰ ਫਰੀ ਦਵਾਈਆਂ ਵੰਡੀਆਂ ਗਈਆਂ। ਮੇਲਾ ਸਮਾਪਤੀ ਮੌਕੇ ਕਰਵਾਏ ਵਿਰਾਸਤੀ ਘੋਲ ਮੁਕਾਬਲਿਆਂ ਨੇ ਲੋਕਾਂ ਨੂੰ ਰੋਮਾਂਚਿਤ ਕੀਤਾ। ਡੇਰੇ ਦੇ ਮੁੱਖ ਸੇਵਾਦਰ ਸੰਤ ਕੇਵਲ ਦਾਸ ਨੇ ਮੇਲੇ ‘ਚ ਪਹੁੰਚੀ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ, ਸੰਤ ਰਤਨ ਦਾਸ ਜਖੇਪਲ, ਸੰਤ ਲਛਮਣ ਮੁਨੀ, ਅੱਗਰਵਾਲ ਸਭਾ ਦੇ ਪ੍ਰਧਾਨ ਸੰਜੀਵ ਕੁਮਾਰ ਸਿੰਗਲਾ, ਸਮਾਜ ਸੇਵੀ ਮੁਨੀਸ਼ ਕੁਮਾਰ, ਕਾਮਰੇਡ ਸੱਤਪਾਲ ਚੋਪੜਾ, ਸਾਬਕਾ ਪ੍ਰਧਾਨ ਤਰਸੇਮ ਚੰਦ ਭੋਲੀ, ਸਾਬਕਾ ਕੌਂਸਲਰ ਅਜੈ ਕੁਮਾਰ ਨੀਟਾ, ਪ੍ਰਮੋਦ ਗਰਗ, ਦਵਿੰਦਰ ਪਾਲ ਗਰਗ, ਓਮ ਪ੍ਰਕਾਸ਼ ਗਰਗ, ਵਿਰਸਾ ਸਿੰਘ, ਸਤਪਾਲ ਸ਼ਰਮਾ, ਸੰਜੀਵ ਕੁਮਾਰ ਗਰਗ, ਨੈਬ ਸਿੰਘ ਸੰਧੂ, ਸੋਣੀ ਸਿੰਘ ਆਦਿ ਹਾਜ਼ਰ ਸਨ।