ਜੋਗਿੰਦਰ ਸਿੰਘ ਉਗਰਾਹਾਂ ਨੇ ਸਰਦੂਲਗੜ੍ਹ ਵਿਖੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਕੀਤਾ ਸੰਬੋਧਨ
ਸਰਦੂਲਗੜ੍ਹ-21 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਫਸਲਾਂ ਦੇ ਮੁਆਵਜ਼ੇ ਦੀ ਮੰਗ ਨੂੰ ਲ਼ੇ ਕੇ ਪਿਛਲੇ 3 ਮਹੀਨੇ ਤੋਂ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਸਰਦੂਲਗੜ੍ਹ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਚੱਲ ਰਹੇ ਧਰਨੇ ‘ਚ ਜ਼ਿਲ੍ਹਾ ਭਰ ਤੋਂ ਸ਼ਾਮਲ ਹੋਏ ਕਿਸਾਨਾਂ ਨੂੰ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕੀਤਾ। ਇਕ ਵੱਡੇ ਇਕੱਠ ਨੂੰ ਮੁਖ਼ਾਤਿਬ ਹੁੰਦਿਆਂ ਉਨ੍ਹਾਂ ਆਖਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਕਦੇ ਵੀ ਖਰਚੇ ਮੁਤਾਬਿਕ ਫਸਲਾਂ ਦੇ ਭਾਅ ਨਹੀਂ ਦਿੱਤੇ। ਹਰ ਸਾਲ ਕੁਦਰਤੀ ਕਹਿਰ ਨਾਲ ਫਸਲਾਂ ਦਾ ਨੁਕਸਾਨ ਹੋ ਜਾਂਦਾ ਹੈ ਪਰ ਬਣਦਾ ਮੁਆਵਜ਼ਾ ਨਹੀਂ ਦਿੱਤਾ ਜਾਂਦਾ।
ਸਥਾਨਕ ਸ਼ਹਿਰ ਵਿਖੇ ਲੱਗੇ ਧਰਨੇ ਦਾ ਵਿਸ਼ੇਸ਼ ਜ਼ਿਕਰ ਕਰਦੇ ਹੋਏ ਕਿਹਾ ਕਿ ਪਿਛਲੇ ਸਮੇਂ ਦੌਰਾਨ ਇਸ ਇਲਾਕੇ ‘ਚ ਗੜੇਮਾਰੀ ਨਾਲ ਕਣਕ ਦਾ ਬਹੁਤ ਨੁਕਸਾਨ ਹੋਇਆ ਸੀ, ਧਰਨਾ ਲਗਾਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਤੇ ਸਰਕਾਰ ਨੇ ਕਿਸਾਨਾਂ ਦੀ ਕੋਈ ਗੱਲ ਨਹੀਂ ਸੁਣੀ। ਉਨ੍ਹਾਂ ਕਿਹਾ ਕਿ ਹੁਣ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਆਉਣ ਵਾਲੇ ਸਮੇਂ ‘ਚ ਜਥੇਬੰਦੀ ਵੱਡਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵੇਗੀ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ, ਇੰਦਰਜੀਤ ਸਿੰਘ ਝੱਬਰ, ਹਰਪਾਲ ਸਿੰਘ ਮੀਰਪੁਰ, ਬਿੰਦਰ ਸਿੰਘ ਝੰਡਾ, ਕੁਲਦੀਪ ਸਿੰਘ ਚਚੋਹਰ, ਉੱਤਮ ਸਿੰਘ ਰਾਮਾਂਨੰਦੀ, ਮਲਕੀਤ ਸਿੰਘ ਕੋਟਧਰਮੂ, ਜਸਵਿੰਦਰ ਕੌਰ ਝੇਰਿਆਂਵਾਲੀ, ਭਿੰਦਰ ਸਿੰਘ, ਸੁਖਦੇਵ ਸਿੰਘ ਤੇ ਵੱਡੀ ਗਿਣਤੀ ‘ਚ ਹੋਰ ਕਿਸਾਨ ਹਾਜ਼ਰ ਸਨ।