‘ਮਿੱਟੀ ਦਾ ਮੋਰ’ ਗੀਤ ਜਾਰੀ ਕੀਤਾ
ਸਰਦੂਲਗੜ੍ਹ-13 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਸਾਡੇ ਸਮਾਜ ਦੀ ਤਰਾਸਦੀ ਹੈ ਕਿ ਤੜਕ-ਭੜਕ ਵਾਲੀ ਗਾਇਕੀ ਦਾ ਪਸਾਰ ਹੋ ਰਿਹਾ ਹੈ, ਜੋ ਸਮਾਜ ਖਾਸ ਕਰਕੇ ਨੌਜਵਾਨਾਂ ਨੂੰ ਕੁਰਾਹੇ ਪਾ ਰਹੀ ਹੈ, ਇਸ ਲਈ ਲੋੜ ਹੈ ਕਿ ਮਿਆਰੀ ਗੀਤਕਾਰੀ ਤੇ ਗਾਇਕੀ ਦੀ ਪ੍ਰਫੁੱਲਿਤਾ ਲਈ ਜਾਗਦੀ ਜ਼ਮੀਰ ਵਾਲੇ ਲੋਕਾਂ ਨੂੰ ਅੱਗੇ ਆਉਣ ਦੀ ਲੋੜ ਹੈ। ਇਹ ਸੱਦਾ ਮਾਨਸਾ ਦੇ ਸਰ-ਜੈਫਰੀ ਇੰਸਟੀਚਿਊਟ ਵਿਖੇ ਕਰਵਾਈ ਗਈ ਚਰਚਾ ਮੌਕੇ ਬੁਲਾਰਿਆਂ ਨੇ ਦਿੱਤਾ। ਅਦਬ ਲੋਕ ਮਾਨਸਾ ਦੇ ਪ੍ਰਧਾਨ ਤੇ ਐਡਵੋਕੇਟ ਬਲਵੰਤ ਭਾਟੀਆ ਨੇ ਕਿਹਾ ਕਿ ਗੀਤਕਾਰੀ ਤੇ ਗਾਇਕੀ ਇਕ ਉਹ ਵਿਧਾ ਹੈ ਜੋ ਸਮਾਜਿਕ ਪ੍ਰਾਣੀਆਂ ਨੂੰ ਬਹੁਤ ਜਲਦ ਟੁੰਭਦੀ ਹੈ ਤੇ ਸੁਨੇਹਾ ਵੀ ਛੱਡ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉੱਚ ਪਾਏ ਦੀ ਗਾਇਕੀ ਦੇ ਪਸਾਰੇ ਲਈ ਸਭਨਾਂ ਨੂੰ ਯਤਨ ਜੁਟਾਉਣੇ ਚਾਹੀਦੇ ਹਨ। ਸੰਸਥਾ ਦੇ ਐਮ. ਡੀ. ਡਾ. ਲਖਵਿੰਦਰ ਸਿੰਘ ਮੂਸਾ, ਪ੍ਰਵਾਸੀ ਭਾਰਤੀ ਨਰਿੰਦਰ ਸਿੰਘ ਜੱਸਲ, ਮਜ਼ਦੂਰ ਆਗੂ ਭਗਵੰਤ ਸਿੰਘ ਸਮਾਉਂ, ਕਾ. ਕ੍ਰਿਸ਼ਨ ਚੌਹਾਨ, ਡਾ. ਗੁਰਪ੍ਰੀਤ ਕੌਰ, ਡਾ. ਵੀਰਪਾਲ ਕੌਰ ਕਮਲ, ਸੱਭਿਆਚਾਰਕ ਚੇਤਨਾ ਮੰਚ ਦੇ ਹਰਿੰਦਰ ਸਿੰਘ ਮਾਨਸ਼ਾਹੀਆ, ਐਡਵੋਕੇਟ ਭੁਪਿੰਦਰ ਸਿੰਘ ਬੀਰਵਾਲ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀ ਮਾਂ ਬੋਲੀ ਦੇਸ਼ ਦੀਆਂ ਮੋਹਰੀ ਭਾਸ਼ਾਵਾਂ ‘ਚ ਸਥਾਨ ਰੱਖਦੀ ਹੈ, ਨੂੰ ਹੋਰ ਪ੍ਰਫੁੱਲਿਤ ਕਰਨ ਲਈ ਉਪਰਾਲੇ ਕਰਨੇ ਚਾਹੀਦੇ ਹਨ।
‘ਮਿੱਟੀ ਦਾ ਮੋਰ’ ਗੀਤ ਕੀਤਾ ਜਾਰੀ – ਇਸ ਮੌਕੇ ਸਰਬੀ ਮਿਊਜ਼ਿਕ ਕੰਪਨੀ ਵਲੋਂ ਪੇਸ਼ਕਾਰ ਗੁਰਚੇਤ ਸਿੰਘ ਫੱਤੇਵਾਲੀਆ ਦੀ ਨਿਰਦੇਸ਼ਨਾ ‘ਚ ਗਾਇਕ ਕਿਰਨਜੀਤ ਸ਼ੇਰਗਿੱਲ ਦਾ ਗੀਤ ‘ਮਿੱਟੀ ਦਾ ਮੋਰ’ ਜਾਰੀ ਕੀਤਾ ਗਿਆ। ਗੀਤ ਦੇ ਲੇਖਕ ਪ੍ਰਸਿੱਧ ਸ਼ਾਇਰ ਧਰਮ ਕੰਮੇਆਣਾ ਹਨ। ਇਸ ਮੌਕੇ ‘ਅਜੀਤ’ ਉਪ ਦਫ਼ਤਰ ਮਾਨਸਾ ਦੇ ਇੰਚਾਰਜ ਬਲਵਿੰਦਰ ਸਿੰਘ ਧਾਲੀਵਾਲ, ਯਾਦਵਿੰਦਰ ਸਿੰਘ ਪਮਾਰ, ਵਿਿਦਆਰਥੀ ਆਗੂ ਪ੍ਰਦੀਪ ਗੁਰੂ, ਨਵਕਰਨ ਸਿੰਘ ਸਦਿਓੜਾ, ਸਤਪਾਲ ਵਿਸ਼ਵ ਆਦਿ ਹਾਜ਼ਰ ਸਨ। ਦੱਸਣਾ ਬਣਦਾ ਹੈ ਕਿ ਧੂਮ ਧੜੱਕੇ ਵਾਲੀ ਗਾਇਕੀ ਤੋਂ ਕੋਹਾਂ ਦੂਰ ‘ਮਿੱਟੀ ਦਾ ਮੋਰ’ ਗੀਤ ਨੂੰ ਸੁਣ ਕੇ ਇਕ ਵੱਖਰਾ ਸਕੂਨ ਮਹਿਸੂਸ ਹੁੰਦਾ ਹੈ। ਪੰਜਾਬੀ ਸੰਗੀਤ ਦੇ ਸ੍ਰੋਤਿਆਂ ਵਲੋਂ ਗੀਤ ਨੂੰ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ।