20 ਮਹੀਨੇ ਦੇ ਕਾਰਜਕਾਲ ‘ਚ ਮਾਨ ਸਰਕਾਰ ਨੇ ਲਿਆ 60 ਹਜ਼ਾਰ ਕਰੋੜ ਰੁ. ਦਾ ਕਰਜ਼ – ਸੁਖਬੀਰ ਸਿੰਘ ਬਾਦਲ
ਸਰਦੂਲਗੜ੍ਹ-7 ਦਸੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਪੰਜਾਬ ਸਿਰ ਕਰਜ਼ੇ ਦੀ ਪੰਡ ਲਗਾਤਾਰ ਭਾਰੀ ਹੁੰਦੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਹਾਲ ਹੀ ਵਿਚ 941 ਕਰੋੜ ਰੁ. ਦਾ ਹੋਰ ਕਰਜ਼ ਲਿਆ ਹੈ। ਇਹ ਖੁਲਾਸਾ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ। ਉਨ੍ਹਾਂ ਕਿਹਾ ਸੱਤਾ ‘ਚ ਆਉਣ ਤੋਂ ਬਾਅਦ ਮਾਨ ਸਰਕਾਰ ਪਿਛਲੇ 20 ਮਹੀਨਿਆਂ ਦੌਰਾਨ 60 ਹਜ਼ਾਰ ਕਰੋੜ ਰੁ. ਦਾ ਕਰਜ਼ ਲੈ ਚੁੱਕੀ ਹੈ, ਜਦੋਂ ਕਿ ਅਕਾਲੀ ਪਾਰਟੀ ਦੇ ਰਾਜਕਾਲ ਸਮੇਂ ਚਲਾਈਆਂ ਲੋਕ ਪੱਖੀ ਸਕੀਮਾਂ ਨੂੰ ਬੰਦ ਕਰ ਦਿੱਤਾ ਹੈ। ਕਿਸੇ ਪਾਸੇ ਕੋਈ ਵਿਕਾਸ ਦੀ ਗੱਲ ਨਹੀਂ ਇਸ ਕਰਕੇ ਪੰਜਾਬ ਦੇ ਲੋਕ ਜਾਣਨਾ ਚਾਹੁੰਦੇ ਹਨ ਕਿ ਲਏ ਗਏ ਕਰਜ਼ੇ ਦਾ ਪੈਸਾ ਕਿੱਥੇ ਖਰਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪੈਸਾ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਇਸ਼ਤਿਹਾਰਬਾਜ਼ੀ ‘ਤੇ ਖਰਚ ਰਹੀ ਹੈ।