ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਨੇ ਕੀਤਾ ਲੇਬਰ ਅਫ਼ਸਰ ਦੇ ਦਫ਼ਤਰ ਦਾ ਘਿਰਾਓ
ਸਰਦੂਲਗੜ੍ਹ-6 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਜ਼ਿਲ੍ਹਾ ਮਾਨਸਾ ਵਲੋਂ ਆਪਣੀਆ ਮੰਗਾਂ ਨੂੰ ਲੈ ਕੇ ਮਾਨਸਾ ਵਿਖੇ ਲੇਬਰ ਅਫ਼ਸਰ ਦੇ ਦਫ਼ਤਰ ਦਾ ਘਿਰਾਓ ਕੀਤਾ ਗਿਆ। ਏਟਕ ਵਰਕਰਾਂ ਦੀ ਮੰਗ ਹੈ ਕਿ ਭੀਖੀ ਆਰਿਆਂ ਤੇ ਕੰਮ ਕਰਦੇ ਕਾਮਿਆਂ ਨੂੰ ਕਿਰਤ ਕਾਨੂੰਨ ਮੁਤਾਬਿਕ ਹਫਤਾਵਾਰੀ ਤੇ ਗਜ਼ਟਿਡ ਛੁੱਟੀਆਂ ਦੀ ਸਹੂਲਤ ਦਿੱਤੀ ਜਾਵੇ, ਘੱਟੋ-ਘੱਟ ਉਜਰਤਾਂ ਦੇ ਤਹਿਤ ਤਨਖਾਹਾਂ ਦਿੱਤੀਆਂ ਜਾਣ, ਕੰਮ ਤੋਂ ਜਬਰੀ ਹਟਾਏ ਵਰਕਰ ਦੁਬਾਰਾ ਕੰਮ ਤੇ ਰੱਖੇ ਜਾਣ ਤੇ ਉਸਾਰੀ ਵੈੱਲਫੇਅਰ ਬੋਰਡ ਦੀਆਂ ਸਕੀਮਾਂ ਦੀ ਰਾਸ਼ੀ ਤੁਰੰਤ ਜਾਰੀ ਕੀਤੀ ਜਾਵੇ। ।
ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ, ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਮੀਤ ਪ੍ਰਧਾਨ ਕਾਮਰੇਡ ਕ੍ਰਿਸ਼ਨ ਚੌਹਾਨ ਤੇ ਸਰਵ ਭਾਰਤ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਰਾਜਿੰਦਰ ਸਿੰਘ ਹੀਰੇਵਾਲਾ ਨੇ ਕਿਹਾ ਕਿ ਜ਼ਿਲੇ ਦੇ ਉਦਯੋਗਿਕ ਅਦਾਰਿਆਂ ਵਿਚ ਕਿਰਤ ਕਾਨੂੰਨ ਦਾ ਪਾਲਣ ਨਹੀਂ ਕੀਤਾ ਜਾ ਰਿਹਾ। ਸਭ ਕੁਝ ਜਾਣਦੇ ਹੋਏ ਵੀ ਤਮਾਸ਼ਾ ਦੇਖ ਰਿਹਾ ਕਿਰਤ ਵਿਭਾਗ ਜਾਣਬੁੱਝ ਕੇ ਅਣਜਾਣ ਬਣਿਆ ਬੈਠਾ ਹੈ। ਲੇਬਰ ਅਫ਼ਸਰ ਨੇ ਮੌਕੇ ਤੇ ਪਹੁੰਚ ਕੇ ਧਰਨਾਕਾਰੀਆਂ ਨੂੰ ਮਸਲਾ ਜਲਦੀ ਹੱਲ ਕਰਨ ਭਰੋਸਾ ਦਿੱਤਾ। ਇਸ ਮੌਕੇ ਸਾਥੀ ਰੂਪ ਸਿੰਘ ਢਿੱਲੋਂ, ਬਲਵੰਤ ਭੈਣੀਬਾਘਾ, ਸੁਖਦੇਵ ਸਿੰਘ ਮਾਨਸਾ, ਰਾਜਿੰਦਰ ਸਿੰਘ ਝੁਨੀਰ, ਸੁਖਦੇਵ ਸਿੰਘ ਖੀਵਾ, ਬੂਟਾ ਸਿੰਘ ਖੀਵਾ, ਦਾਰਾ ਖਾਂ ਦਲੇਲ ਸਿੰਘ ਵਾਲਾ, ਗੁਰਦਿਆਲ ਸਿੰਘ ਦਲੇਲ ਸਿੰਘ ਵਾਲਾ ਹਾਜ਼ਰ ਸਨ।