ਆਮ ਸੇਵਾ ਕੇਂਦਰਾਂ ‘ਚ ਬਣ ਰਹੇ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾਂ ਦੇ ਕਾਰਡ
ਸਰਦੂਲਗੜ੍ਹ – 4 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ‘ਚ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਅਧੀਨ ਪਿੰਡਾਂ ਵਿਚ ਵਿਸ਼ੇਸ਼ ਮੁਹਿੰਮ ਤਹਿਤ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਆਮ ਸੇਵਾ ਕੇਂਦਰਾਂ ਵਿਚ ਬਣਾਏ ਜਾ ਰਹੇ ਹਨ। ਇਸ ਸਬੰਧੀ ਸਿਹਤ ਬਲਾਕ ਖਿਆਲਾ ਕਲਾਂ ਵਿਖੇ ਆਸ਼ਾ ਵਰਕਰਾਂ ਦੀ ਮੀਟਿੰਗ ਕਰਕੇ ਲਾਭਪਾਤਰੀਆਂ ਦੇ ਵੱਧ ਤੋਂ ਵੱਧ ਬੀਮਾ ਕਾਰਡ ਬਣਾਉਣ ਦੀ ਹਦਾਇਤ ਕੀਤੀ ਗਈ।
ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਮਾਨਸਾ ਤਹਿਸੀਲ ‘ਚ 70 ਕਾਮਨ ਸਰਵਿਸ ਸੈਂਟਰ ਚੱਲ ਰਹੇ ਹਨ। ਯੋਗ ਲਾਭਪਾਤਰੀ ਆਧਾਰ ਕਾਰਡ ਦਿਖਾ ਕੇ ਕਾਰਡ ਬਣਵਾ ਸਕਦੇ ਹਨ, ਦੀ ਸਰਕਾਰੀ ਫੀਸ 30 ਰੁਪਏ ਹੈ।
ਜ਼ਿਲ੍ਹਾ ਕੋਆਰਡੀਨੇਟਰ ਨਿਹਾਰਿਕਾ ਤੇ ਜ਼ਿਲ੍ਹਾ ਕਮਿਊਨਿਟੀ ਮੋਬਲਾਈਜ਼ਰਰ ਜਗਦੇਵ ਸਿੰਘ ਨੇ ਦੱਸਿਆ ਕਿ ਆਯੂਸ਼ਮਾਨ ਇਸ ਯੋਜਨਾਂ ਦੇ ਲਾਭਪਾਤਰੀਆਂ ਲਈ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜ਼ਿਲ੍ਹਾ ਮਾਨਸਾ ਦੇ 10 ਪ੍ਰਾਈਵੇਟ ਹਸਪਤਾਲਾਂ ਵਿਚ ਨਕਦੀ ਰਹਿਤ ਇਲਾਜ ਕਰਵਾਇਆ ਜਾ ਸਕਦਾ ਹੈ। ਜਿੱਥੇ ਦਿਲ ਤੇ ਹੱਡੀ ਰੋਗ ਸਮੇਤ ਅਪਰੇਸ਼ਨ ਦੀ ਜ਼ਰੂਰਤ ਵਾਲੇ ਮਰੀਜ਼ ਸਕੀਮ ਦਾ ਲਾਭ ਲੈ ਸਕਦੇ ਹਨ। ਇਨ੍ਹਾਂ ਬੀਮਾਂ ਕਾਰਡਾਂ ਰਾਹੀਂ ਲਾਭਪਾਤਰੀ ਦੇ ਸਾਰੇ ਪਰਿਵਾਰ ਨੂੰ 5 ਲੱਖ ਰੁਪਏ ਤੱਕ ਦੇ ਮੁਫਤ ਇਲਾਜ ਦੀ ਸਹੂਲਤ ਹੈ। ਯੋਜਨਾ ਬਾਰੇ ਕਿਸੇ ਵੀ ਤਰਾਂ ਦੀ ਸ਼ਿਕਾਇਤ ਜਾਂ ਜਾਣਕਾਰੀ ਲਈ ਮੈਡੀਕਲ ਹੈਲਪ ਲਾਈਨ 104 ਤੇ ਸੰਪਰਕ ਕੀਤਾ ਜਾ ਸਕਦਾ ਹੈ।