ਰਾਮਾਨੰਦੀ ਪਿੰਡ ਦੇ ਲੋਕ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਪਰੇਸ਼ਾਨ
ਸਰਦੂਲਗੜ੍ਹ – 28 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ) ਜਲਘਰ ਤੋਂ ਛੱਡਿਆ ਜਾਂਦਾ ਪੀਣ ਵਾਲਾ ਪਾਣੀ ਸਾਫ਼ ਨਾ ਹੋਣ ਕਾਰਨ ਰਾਮਾਂਨੰਦੀ ਪਿੰਡ ਦੇ ਲੋਕ ਬਹੁਤ ਪਰੇਸ਼ਾਨ ਹਨ। ਕਿਸਾਨ ਆਗੂ ਉੱਤਮ ਸਿੰਘ, ਮਨਜੀਤ ਸਿੰਘ, ਸਤਵੀਰ ਸਿੰਘ, ਰਾਜਵਿੰਦਰ ਸਿੰਘ ਨੇ ਦੱਸਿਆ ਕਿ ਪਾਣੀ ਜਮ੍ਹਾਂ ਕਰਨ ਵਾਲੇ ਡੱਗ ਦੀ ਕਾਫੀ ਸਮੇਂ ਤੋਂ ਸਫ਼ਾਈ ਨਹੀਂ ਕੀਤੀ ਗਈ।ਉੱਚੀ ਟੈਂਕੀ ਦੀ ਜਾਲ਼ੀ ਵੀ ਟੁੱਟ ਚੁੱਕੀ ਹੈ। ਜਿਸ ਕਰਕੇ ਘਰਾਂ ਵਿਚ ਲੱਗੀਆ ਟੂਟੀਆਂ ‘ਚੋਂ ਗੰਧਲਿਆ ਪਾਣੀ ਨਿਕਲਦਾ ਹੈ। ਡੱਗ ਵਿਚ ਮਰੇ ਹੋਏ ਪੰਛੀ ਤੇ ਹੋਰ ਜੀਵ ਜੰਤੂ ਡਿਗੇ ਹੋਣ ਦਾ ਖਦਸ਼ਾ ਹੈ। ਦੂਸ਼ਿਤ ਪਾਣੀ ਕਾਰਨ ਲੋਕ ਬਿਮਾਰੀਆਂ ਦੀ ਜਕੜ ਵਿਚ ਆ ਸਕਦੇ ਹਨ।ਪਿੰਡ ਵਾਸੀਆਂ ਦੀ ਮੰਗ ਹੈ ਉਪਰੋਕਤ ਸਮੱਸਿਆ ਦਾ ਕੋਈ ਠੋਸ ਹੱਲ ਜਲਦੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਪੀਣ ਲਈ ਸਾਫ਼ ਤੇ ਸ਼ੁੱਧ ਪਾਣੀ ਮਿਲ ਸਕੇ।