ਸਰਦੂਲਗੜ੍ਹ ਸਿਹਤ ਵਿਭਾਗ ਨੇ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਕੀਤਾ ਜਾਗਰੂਕ
ਸਰਦੂਲਗੜ੍ਹ – 26 ਅਗਸਤ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਵਿਭਾਗ ਪੰਜਾਬ ਵਲੋਂ ਸ਼ੁਰੂ ਕੀਤੀ ਡੇਂਗੂ ‘ਤੇ ਵਾਰ ਮੁਹਿੰਮ ਤਹਿਤ ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ਮੁਤਾਬਿਕ ਸਿਵਲ ਹਸਪਤਾਲ ਸਰਦੂਲਗੜ੍ਹ ਦੀ ਟੀਮ ਦੁਆਰਾ ਸੀਨੀਅਰ ਮੈਡੀਕਲ ਅਫ਼ਸਰ ਸਰਦੂਲਗੜ੍ਹ ਡਾ. ਰਵਨੀਤ ਕੌਰ ਦੀ ਅਗਵਾਈ ‘ਚ ਸਥਾਨਕ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ‘ਤੇ ਡੇਂਗੂ ਬੁਖਾਰ ਤੋਂ ਬਚਾਅ ਤੇ ਇਲਾਜ ਸਬੰਧੀ ਜਾਗਰੂਕਤਾ ਪਰਚੇ ਵੰਡੇ ਗਏ।
ਡਾ. ਰਵਨੀਤ ਕੌਰ ਨੇ ਦੱਸਿਆ ਕਿ ਹਰ ਸ਼ੁੱਕਰਵਾਰ ਸਵੇਰੇ 9 ਵਜੇ ਤੋਂ 10 ਵਜੇ ਤੱਕ ਡੇਂਗੂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜੇਕਰ ਕਿਸੇ ਨੂੰ ਤੇਜ਼ ਬੁਖਾਰ ਜਾਂ ਸਿਰ ਦਰਦ ਹੁੰਦਾ ਹੈ ਤਾਂ ਨੇੜਲੇ ਸਰਕਾਰੀ ਹਸਪਤਾਲ ਪਹੁੰਚ ਕੇ ਜਾਂਚ ਕਰਵਾਈ ਜਾਵੇ। ਡੇਂਗੂ ਇਕ ਵਾਇਰਲ ਬੁਖਾਰ ਹੈ ਜੋ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ।
ਬਲਾਕ ਐਜੂਕੇਟਰ ਤਿਰਲੋਕ ਸਿੰਘ ਤੇ ਸਿਹਤ ਇੰਸਪੈਕਟਰ ਹੰਸਰਾਜ ਨੇ ਦੱਸਿਆ ਸਰਕਾਰੀ ਹਸਪਤਾਲ ਵਿਚ ਡੇਂਗੂ ਵਾਰਡ ਸਥਾਪਿਤ ਕੀਤਾ ਗਿਆ ਹੈ। ਡੇਂਗੂ ਦਾ ਟੈਸਟ ਜ਼ਿਲ੍ਹਾ ਪੱਧਰ ਤੇ ਕੀਤਾ ਜਾਂਦਾ ਹੈ। ਸਿਹਤ ਕਰਮਚਾਰੀਆ ਨੇ ਘਰਾਂ ਵਿਚ ਪਾਣੀ ਦੀ ਵਰਤੋਂ ਵਾਲੀਆਂ ਚੀਜ਼ਾਂ ਦੀ ਸਾਫ਼-ਸਫ਼ਾਈ ਰੱਖੇ ਜਾਣ ਦੀ ਸਲਾਹ ਦਿੱਤੀ। ਇਸ ਮੌਕੇ ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਰੁਪਿੰਦਰ ਕੌਰ, ਜੀਵਨ ਸਿੰਘ ਸਹੋਤਾ, ਮਨਦੀਪ ਸਿੰਘ, ਤਰਸੇਮ ਸਿੰਘ ਹਾਜ਼ਰ ਸਨ।