ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਹੜ੍ਹ ਪੀੜਤਾਂ ਦੀ ਪਰਿਵਾਰਿਕ ਮੈਂਬਰ ਬਣ ਕੇ ਕੀਤੀ ਸਹਾਇਤਾ – ਸੋਢੀ
ਸਰਦੂਲਗੜ੍ਹ-27 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਪਿਛਲੇ ਦਿਨੀ ਹੜ੍ਹ ਦੀ ਮਾਰ ਹੇਠ ਆਏ ਸਰਦੂਲਗੜ੍ਹ ਇਲਾਕੇ ਦੇ ਪਿੰਡਾਂ ‘ਚ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਵਿਸ਼ੇਸ਼ ਤੌਰ ਤੇ ਪਹੁੰਚ ਲੋਕਾਂ ਦਾ ਹਾਲ ਜਾਣਿਆ ਤੇ ਮਦਦ ਕੀਤੀ।ਇਸ ਮੁਸ਼ਕਿਲ ਦੀ ਘੜੀ ‘ਚ ਬਾਦਲ ਪਤੀ-ਪਤਨੀ ਨੇ ਪੀੜਤ ਲੋਕਾਂ ਦੀ ਸਹਾਇਤਾ ਲਈ ਇਕ ਪਰਿਵਾਰਿਕ ਮੈਂਬਰ ਦੀ ਤਰਾਂ ਮੋਹਰੀ ਭੂਮਿਕਾ ਅਦਾ ਕੀਤੀ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦੇ ਹੋਏ ਹਲਕਾ ਅਬਜ਼ਰਬਰ ਜਤਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਅਕਾਲੀ ਦਲ ਦੇ ਵੱਡੇ ਆਗੂ ਬਲਵਿੰਦਰ ਸਿੰਘ ਭੂੰਦੜ ਤੇ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਘਰੇਲੂ ਰੁਝੇਵੇਂ ਕਾਰਨ ਵਿਦੇਸ਼ ‘ਚ ਹੋਣ ਦੇ ਬਾਵਜੂਦ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਪਲ-ਪਲ ਦੀ ਖ਼ਬਰ ਰੱਖਦੇ ਹੋਏ ਉਨ੍ਹਾਂ ਦੀਆਂ ਲੋੜਾਂ ਤੇ ਸਮੱਸਿਆਵਾਂ ਨੂੰ ਪਾਰਟੀ ਪਲੇਟਫਾਰਮ ਤੇ ਪਹੁੰਚਾਇਆ। ਸ਼ਰੋਮਣੀ ਅਕਾਲੀ ਦੇ ਉਪਰੋਕਤ ਆਗੂਆਂ ਤੇ ਜ਼ਿਲ੍ਹਾ ਜਥੇਬੰਦੀ ਨੇ ਸੰਵੇਦਨਸ਼ੀਲਤਾ ਦਿਖਾਉਂਦੇ ਹੋਏ ਲੋੜਵੰਦਾਂ ਲਈ ਨਿੱਜੀ ਤੌਰ ਤੇ ਡੀਜ਼ਲ, ਗੈਸ ਸਿਲੰਡਰ, ਕਿਸ਼ਤੀਆਂ, ਪਲਾਸਟਿਕ ਦੇ ਗੱਟੇ, ਪਸ਼ੂਆਂ ਲਈ ਚਾਰਾ, ਜੇ. ਸੀ. ਬੀ. ਮਸ਼ੀਨਾਂ, ਟੁੱਲੂ ਪੰਪ ਤੋਂ ਇਲਾਵਾ ਰਾਸ਼ਨ ਤੇ ਹੋਰ ਰਾਹਤ ਸਮੱਗਰੀ ਮੁਹੱਈਆ ਕਰਵਾਈ ਤੇ ਔਖੇ ਸਮੇਂ ‘ਚ ਲੋਕਾਂ ਦੇ ਨਾਲ ਖੜ੍ਹਨ ਦਾ ਸਬੂਤ ਦਿੱਤਾ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਰੋਸਾ ਦਿੱਤਾ ਹੈ ਕਿ ਹੜ੍ਹਾਂ ਦੀ ਮਾਰ ਨਾਲ ਹੋਏ ਨੁਕਸਾਨ ਦੇ ਯੋਗ ਮੁਆਵਜ਼ੇ ਲਈ ਸ਼ਰੋਮਣੀ ਅਕਾਲੀ ਦਲ ਲੋਕਾਂ ਦੇ ਨਾਲ ਖੜ੍ਹ ਕੇ ਉਹਨਾਂ ਦੀ ਆਵਾਜ਼ ਬੁਲੰਦ ਕਰੇਗਾ।