ਰਾਕੇਸ਼ ਟਿਕੈਤ, ਡਾ. ਦਰਸ਼ਨ ਪਾਲ, ਡੱਲੇਵਾਲ ਤੇ ਹੋਰਾਂ ਨੇ ਕੀਤਾ ਸੰਬੋਧਨ
ਸਰਦੂਲਗੜ੍ਹ – 21 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ) ਨਸ਼ਿਆਂ ਖਿਲਾਫ ਮੁਹਿੰਮ ਵਿੱਢਣ ਵਾਲੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੇ ਹੱਕ ਵਿਚ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ ਤੇ ਮਾਨਸਾ ਵਿਖੇ ਲੋਕਾਂ ਦਾ ਭਾਰੀ ਇਕੱਠ ਹੋਇਆ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਨਸਾ ਪੁਲਿਸ ਨੇ ਪਰਵਿੰਦਰ ਸਿੰਘ ਤੇ ਪਰਚਾ ਦਰਜ ਕਰਕੇ ਬੇਇਨਸਾਫੀ ਕੀਤੀ ਹੈ। ਜਦੋਂ ਤੱਕ ਉਸ ਨੂੰ ਇਨਸਾਫ ਨਹੀਂ ਮਿਲ ਜਾਂਦਾ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਿਸਾਨ ਆਗੂ ਰਾਕੇਸ਼ ਟਿਕੈਤ, ਡਾ. ਦਰਸ਼ਨਪਾਲ, ਜਗਜੀਤ ਸਿੰਘ ਡੱਲੇਵਾਲ, ਰੁਲਦੂ ਸਿੰਘ ਮਾਨਸਾ, ਲੱਖਾ ਸਿਧਾਣਾ, ਭਾਨਾ ਸਿੱਧੂ, ਇਮਾਨ ਸਿੰਘ ਮਾਨ, ਬਲਦੇਵ ਸਿੰਘ ਸਿਰਸਾ, ਰਾਜਵਿੰਦਰ ਸਿੰਘ ਰਾਣਾ, ਕਾਮਰੇਡ ਕ੍ਰਿਸ਼ਨ ਚੌਹਾਨ, ਹਰਦੀਪ ਸਿੰਘ ਜਟਾਣਾ ਨੇ ਨਸ਼ਿਆਂ ਤੇ ਨਸ਼ਾ ਤਸਕਰਾਂ ਖਿਲਾਫ ਡਟ ਜਾਣ ਦਾ ਹੋਕਾ ਦਿੱਤਾ। ਬੁਲਾਰਿਆਂ ਦਾ ਕਹਿਣਾ ਸੀ ਕਿ ਪੁਲਿਸ ਤੇ ਰਾਜਨੀਤਿਕ ਲੋਕਾਂ ਦੀ ਪੁਸ਼ਤਪਨਾਹੀ ਤੋਂ ਬਿਨਾਂ ਨਸ਼ਾ ਕਦੇ ਵੀ ਨਹੀਂ ਵਿਕ ਸਕਦਾ। ਪੰਜਾਬ ਦੇ ਕੋਨੇ ਕੋਨੇ ਤੋਂ ਵੱਡੀ ਗਿਣਤੀ ‘ਚ ਪੁਰਸ਼ ਤੇ ਮਹਿਲਾਵਾਂ ਇਕੱਠ ਵਿਚ ਹਾਜ਼ਰ ਸਨ।
ਪੂਰਾ ਮਾਮਲਾ – ਪਿਛਲੇ ਦਿਨੀਂ ਮਾਨਸਾ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਨੂੰਨ ਹੱਥ ‘ਚ ਲੈਣ ਦੇ ਕਥਿਤ ਦੋਸ਼ਾਂ ਤਹਿਤ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਸੀ। ਜ਼ਿਕਰ ਯੋਗ ਹੈ ਕਿ ਪਰਵਿੰਦਰ ਸਿੰਘ ਝੋਟਾ ਵਲੋਂ ਨਸ਼ਾ ਤਸਕਰਾਂ ਖਿਲਾਫ ਇਕ ਮਹਿੰਮ ਵਿੱਢੀ ਗਈ। ਜਿਸ ਦੇ ਚੱਲਦਿਆਂ ਉਸ ਨੇ ਮੈਡੀਕਲ ਨਸ਼ੇ ਵੇਚਣ ਵਾਲੇ ਕਈ ਲੋਕਾਂ ਦਾ ਪਰਦਾ ਫਾਸ਼ ਕੀਤਾ ਸੀ। ਜਿੰਨ੍ਹਾਂ ਵਲੋਂ ਹੀ ਉਸ ਦੇ ਵਿਰੁੱਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ। ਇਸ ਤੋਂ ਇਲਾਵਾ ਘੁੰਮਣ ਪਿੰਡ (ਬਠਿੰਡਾ) ਦੀ ਇਕ ਮਹਿਲਾ ਨੇ ਪਰਵਿੰਦਰ ਤੇ ਛੇੜ-ਛਾੜ ਦੇ ਇਲਜ਼ਾਮ ਵੀ ਲਗਾਏ ਸਨ ਪਰ ਉਹੀ ਔਰਤ ਹੁਣ ਆਪਣੇ ਬਿਆਨਾਂ ਤੋਂ ਪਲਟ ਗਈ ਹੈ। ਮਹਿਲਾ ਦਾ ਕਹਿਣਾ ਹੈ ਉਸ ਨਾਲ ਅਜਿਹਾ ਕੁਝ ਨਹੀਂ ਵਾਪਰਿਆ।ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ।
ਐਕਸ਼ਨ ਕਮੇਟੀ ਦੀਆਂ ਮੰਗਾਂ – ਐਕਸ਼ਨ ਕਮੇਟੀ ਨੇ ਮੰਗ ਰੱਖੀ ਹੈ ਕਿ ਪਰਵਿੰਦਰ ਸਿੰਘ ਝੋਟਾ ਤੇ ਉਸ ਦੇ ਸਾਥੀਆਂ ‘ਤੇ ਦਰਜ ਪਰਚੇ ਰੱਦ ਕੀਤੇ ਜਾਣ। ਮੈਡੀਕਲ ਨਸ਼ੇ ਦਾ ਧੰਦਾ ਕਰਨ ਵਾਲਿਆਂ ਤੇ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਤਸਕਰਾਂ ਨਾਲ ਮਿਲੀ ਭੁਗਤ ਰੱਖਣ ਵਾਲੇ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਤੇ ਡਰੱਗ ਇੰਸਪੈਕਟਰ ਤੇ ਕੇਸ ਦਰਜ ਕਰਕੇ ਉਨ੍ਹਾਂ ਦੀ ਸੰਪਤੀ ਜ਼ਬਤ ਕੀਤੀ ਜਾਵੇ। ਮੰਚ ਤੋਂ ਐਲਾਨ ਕੀਤਾ ਗਿਆ ਕਿ ਜੇਕਰ ਐਕਸ਼ਨ ਕਮੇਟੀ ਦੀਆ ਮੰਗਾਂ ਨਾ ਮੰਨੀਆਂ ਗਈਆਂ ਤਾਂ 14 ਅਗਸਤ 2023 ਨੂੰ ਮੁੜ ਤੋਂ ਵੱਡਾ ਇਕੱਠ ਕਰਕੇ ਤਿੱਖੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।