ਸਿਹਤ ਬਲਾਕ ਖਿਆਲਾ ਕਲਾਂ ਵਲੋਂ ਸਾਈਕਲ ਰੈਲੀਆਂ
ਸਰਦੂਲਗੜ੍ਹ – 3 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਤੇ ਸਿਵਲ ਸਰਜਨ ਡਾਕਟਰ ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤੇ ਸਿਹਤ ਬਲਾਕ ਖਿਆਲਾ ਕਲਾਂ (ਮਾਨਸਾ) ਵਲੋਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਹਰਦੀਪ ਸ਼ਰਮਾ ਦੀ ਅਗਵਾਈ ‘ਚ ਸਾਈਕਲ ਰੈਲੀ ਕੱਢੀ ਗਈ।ਇਸ ਮੌਕੇ ਲਗਾਏ ਜਾਗਰੂਕਤਾ ਸੈਮੀਨਾਰ ਦੌਰਾਨ ਬਲਾਕ ਐਜੂਕੇਟਰ ਕੇਵਲ ਸਿੰਘ ਨੇ ਦੱਸਿਆ ਕਿ ਗੈਰ ਸੰਚਾਰੀ ਰੋਗ ਬਲੱਡ ਪਰੈਸ਼ਰ, ਸ਼ੂਗਰ, ਦਿਲ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋਣ ਦਾ ਮੁੱਖ ਕਾਰਨ ਸਰੀਰਕ ਗਤੀਵਿਧੀਆਂ ਦੀ ਕਮੀ ਹੈ।ਇੰਨ੍ਹਾਂ ਤੋਂ ਬਚਣ ਲਈ ਰੋਜ਼ਾਨਾ ਸਾਈਕਲ ਚਲਾਉਣ, ਤੇਜ਼ ਤੁਰਨ ਜਿਹੀ ਕਸਰਤ ਕਰਨੀ ਚਾਹੀਦੀ ਹੈ।ਪੰਜਾਬ ਸਰਕਾਰ ਨੇ ਸਿਹਤ ਕੇਂਦਰਾਂ ਵਿਚ ਯੋਗਾ ਕਲਾਸਾਂ ਦਾ ਪ੍ਰਬੰਧ ਕੀਤਾ ਹੈ।ਸਰਕਾਰੀ ਸਿਹਤ ਕੇਂਦਰਾਂ ‘ਚ ਅਜਿਹੀਆਂ ਬਿਮਾਰੀਆਂ ਦਾ ਨਿਰੀਖਣ ਮੁਫ਼ਤ ਕੀਤਾ ਜਾਂਦਾ ਹੈ। ਸਿਹਤ ਕੇਂਦਰ ਧਲੇਵਾਂ, ਸਮਾਓਂ, ਬੱਪੀਆਣਾ ਵਿਖੇ ਵੀ ਸਾਈਕਲ ਰੈਲੀ ਕੱਢੀ ਗਈ।ਇਸ ਮੌਕੇ ਦਿਲਰਾਜ ਕੌਰ, ਸੁਖਵਿੰਦਰ ਕੌਰ, ਸਰਬਜੀਤ ਸਿੰਘ, ਰਾਜਦੀਪ ਕੌਰ ਤੇ ਹੋਰ ਸਿਹਤ ਕਰਮੀ ਹਾਜ਼ਰ ਸਨ।