ਮਾਮਲਾ ਫਸਲਾਂ ਦੀ ਗਿਰਦਵਾਰੀ ਦੁਬਾਰਾ ਕਰਾਉਣ ਦਾ
ਸਰਦੂਲਗੜ੍ਹ – 1 ਜੂਨ (ਪ੍ਰਕਾਸ਼ ਸਿੰਘ ਜ਼ੈਲਦਾਰ) ਕਣਕ ਦੀ ਵਾਢੀ ਤੋਂ ਪਹਿਲਾਂ ਇਸ ਵਰ੍ਹੇ ਹੋਈ ਗੜੇਮਾਰੀ ਨਾਲ ਨੁਕਸਾਨੀਆਂ ਫਸਲਾਂ ਦੇ ਮੁਆਵਜ਼ੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ ਤੇ ਡਕੌਂਦਾ ਵਲੋਂ ਸਾਂਝੇ ਤੌਰ ਤੇ ਉਪ ਮੰਡਲ ਮੈਜਿਸਟਰੇਟ ਸਰਦੂਲਗੜ੍ਹ ਦੇ ਦਫ਼ਤਰ ਮੂਹਰੇ ਧਰਨਾ ਲਗਾਇਆ ਗਿਆ। ਭਾਕਿਯੂ ਮਾਲਵਾ ਦੇ ਸੂਬਾ ਪ੍ਰਧਾਨ ਮਲੂਕ ਸਿੰਘ ਹੀਰਕੇ ਤੇ ਡਕੌਂਦਾ ਜਥੇਬੰਦੀ ਦੇ ਆਗੂ ਹਰਮੇਸ਼ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਫਸਲਾਂ ਦੀ ਗਿਰਦਾਵਰੀ ਤਸੱਲੀ ਬਖਸ਼ ਨਹੀਂ ਕੀਤੀ ਗਈ। ਜਿਸ ਕਾਰਨ ਬਹੁਤੇ ਕਿਸਾਨਾਂ ਦੇ ਸਰਕਾਰੀ ਰਾਹਤ ਤੋਂ ਵਾਂਝੇ ਰਹਿ ਜਾਣ ਦਾ ਖਦਸ਼ਾ ਹੈ। ਉਨ੍ਹਾਂ ਮੰਗ ਕੀਤੀ ਕਿ ਝੰਡੂਕੇ, ਹੀਰਕੇ, ਚੈਨੇਵਾਲਾ, ਫਰੀਦਕੇ, ਘੁਰਕਣੀ, ਨੰਦਗੜ੍ਹ, ਮੋਫਰ, ਫਤਿਹਪੁਰ, ਜਟਾਣਾ ਕਲਾਂ, ਫੱਤਾ ਮਾਲੋਕਾ ਪਿੰਡਾਂ ਦੀ ਗਿਰਦਵਾਰੀ ਰੱਦ ਕਰਕੇ ਦੁਬਾਰਾ ਕਰਵਾਈ ਜਾਵੇ ਤਾਂ ਜੋ ਸਾਰੇ ਪੀੜਤ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਮਿਲ ਸਕੇ। ਜਿਸ ਪ੍ਰਤੀ ਐੱਸ. ਡੀ. ਐੱਮ ਪੂਨਮ ਸਿੰਘ ਨੂੰ ਇਕ ਲਿਖਤੀ ਮੰਗ ਪੱਤਰ ਵੀ ਦਿੱਤਾ ਗਿਆ। ਪ੍ਰਸ਼ਾਸਨ ਵਲੋਂ ਭਰੋਸਾ ਮਿਲਣ ਤੇ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਵੱਖ-ਵੱਖ ਪਿੰਡਾਂ ਤੋਂ ਵੱਡੀ ਗਿਣਤੀ ‘ਚ ਕਿਸਾਨ ਹਾਜ਼ਰ ਸਨ।