ਲੋਕਾਂ ਵਲੋਂ ਜਾਂਚ ਦੀ ਮੰਗ
ਸਰਦੂਲਗੜ੍ਹ – 20 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਰਸਾ ਮਾਨਸਾ ਰਾਸ਼ਟਰੀ ਸੜਕ ਤੇ ਸਥਿਤ ਪਿੰਡ ਟਿੱਬੀ ਹਰੀ ਸਿੰਘ ਤੋਂ ਭਗਵਾਨਪੁਰ ਹੀਂਗਣਾ ਤੱਕ ਪ੍ਰਧਾਨ ਮੰਤਰੀ ਯੋਜਨਾ ਤਹਿਤ ਬਣੀ ਸੜਕ ਮੁਕੰਮਲ ਹੋਣ ਤੋਂ ਡੇਢ ਮਹੀਨੇ ਬਾਅਦ ਹੀ ਟੁੱਟਣ ਲੱਗੀ ਹੈ। ਸੜਕ ਦੇ ਨਿਰਮਾਣ ਲਈ ਵਰਤੀ ਸਮੱਗਰੀ ਤੋਂ ਇਲਾਵਾ ਸਬੰਧਿਤ ਮਹਿਕਮੇ ਦੀ ਕਾਰਗੁਜ਼ਾਰੀ ਤੇ ਕਈ ਤਰਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ।
ਜ਼ਿਕਰ ਯੋਗ ਹੈ ਕਿ ਮੀਰਪੁਰ ਖੁਰਦ ਤੋਂ ਥੋੜ੍ਹਾ ਅੱਗੇ ਮੀਰਪੁਰ ਕਲਾਂ ਵਾਲੇ ਪਾਸੇ ਸੜਕ ਤੇ ਅਚਾਨਕ ਤਰੇੜਾਂ ਪੈ ਕੇ ਪਾਸਿਆਂ ਤੋਂ ਮਿੱਟੀ ਡਿਗ ਰਹੀ ਹੈ।ਪਾਣੀ ਦੀ ਖਾਰ ਨਾਲ ਹੇਠੋਂ ਮੋਟਾ ਪੱਥਰ ਨਿਕਲਣ ਕਰਕੇ ਸੜਕ ਦੀ ਬਰਮ ‘ਤੇ ਖੱਡੇ ਬਣ ਗਏ ਹਨ।
ਜਿਸ ਨੂੰ ਲੈ ਕੇ ਇਲਾਕੇ ਦੇ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਹਰਪਾਲ ਸਿੰਘ ਮੀਰਪੁਰ ਨੇ ਕਿਹਾ ਕਿ ਲੰਬੇ ਅਰਸੇ ਦੀ ਉਡੀਕ ਬਾਅਦ ਇਹ ਸੜਕ ਬਹੁਤ ਮੁਸ਼ਕਿਲ ਨਾਲ ਬਣੀ ਹੈ।ਸੜਕ ਟੁੱਟਣ ਦੇ ਮਸਲੇ ਨੂੰ ਗੰਭੀਰਤਾ ਨਾਲ ਚੁੱਕਿਆ ਜਾਵੇਗਾ।ਲੋਕਾਂ ਦੀ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਇੰਨ੍ਹੀ ਜਲਦੀ ਸੜਕ ਟੁੱਟਣ ਦੇ ਕਾਰਨਾਂ ਦੀ ਜਾਂਚ ਕਰਵਾਕੇ ਜ਼ਿੰਮੇਵਾਰ ਲੋਕਾਂ ਤੇ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।