ਸਿਹਤ ਵਿਭਾਗ ਸਰਦੂਲਗੜ੍ਹ ਨੇ ਮਨਾਇਆ ਰਾਸ਼ਟਰੀ ਡੇਂਗੂ ਦਿਵਸ, ਲੋਕਾਂ ਨੂੰ ਕੀਤਾ ਜਾਗਰੂਕ
ਸਰਦੂਲਗੜ੍ਹ – 16 ਮਈ (ਪ੍ਰਕਾਸ਼ ਸਿੰਘ ਜ਼ੈਲਦਾਰ) ਸਿਵਲ ਸਰਜਨ ਮਾਨਸਾ ਡਾ. ਅਸ਼ਵਨੀ ਕੁਮਾਰ ਦੇ ਨਿਰਦੇਸ਼ਾਂ ‘ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦ ਪ੍ਰਕਾਸ਼ ਸੰਧੂ ਦੀ ਅਗਵਾਈ ‘ਚ ਸਿਹਤ ਵਿਭਾਗ ਸਰਦੂਲਗੜ੍ਹ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ ਅੰਦਰ ਰਾਸ਼ਟਰੀ ਡੇਂਗੂ ਦਿਵਸ ਮਨਾਇਆ ਗਿਆ।
ਬਲਾਕ ਐਜੂਕੇਟਰ ਤਰਲੋਕ ਸਿੰਘ ਨੇ ਦੱਸਿਆ ਕਿ ਡੇਂਗੂ ਇਕ ਵਾਇਰਲ ਬੁਖਾਰ ਹੈ, ਜੋ ਏਡੀਜ਼ ਅਜਿਪਟੀ ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਤੇਜ਼ ਬੁਖਾਰ ਸਿਰ ਦਰਦ, ਅੱਖਾਂ ਦੇ ਪਿਛਲੇ ਪਾਸੇ ਤੇਜ਼ ਦਰਦ, ਉਲਟੀਆਂ, ਜੀਅ ਘਬਰਾਉਣਾ, ਮਾਸਪੇਸ਼ੀਆਂ ‘ਚ ਦਰਦ ਇਸ ਦੇ ਮੁੱਖ ਲੱਛਣ ਹਨ। ਅਜਿਹਾ ਮਹਿਸੂਸ ਹੋਣ ਤੇ ਨੇੜਲੇ ਸਰਕਾਰੀ ਹਸਪਤਾਲ ਪਹੁੰਚ ਕੇ ਜਾਂਚ ਕਰਵਾਉਣੀ ਚਾਹੀਦੀ ਹੈ। ਜ਼ਿਲ੍ਹਾ ਪੱਧਰ ਤੇ ਡੇਂਗੂ ਦਾ ਮੁਫ਼ਤ ਟੈਸਟ ਕੀਤਾ ਜਾਂਦਾ ਹੈ। ਪੀੜਤ ਵਿਅਕਤੀ ਨੂੰ ਤਰਲ ਪਦਾਰਥਾ ਦਾ ਸੇਵਨ ਤੇ ਵਧੇਰੇ ਆਰਾਮ ਕਰਨਾ ਚਾਹੀਦਾ ਹੈ।
ਸਿਹਤ ਇੰਸਪੈਕਟਰ ਹੰਸ ਰਾਜ ਨੇ ਦੱਸਿਆ ਕਿ ਸਬ-ਸੈਂਟਰਾਂ ਦੇ ਕਰਮਚਾਰੀਆਂ ਨੇ ਟੀਮਾਂ ਦੇ ਰੂਪ ‘ਚ ਭੂੰਦੜ, ਆਹਲੂਪੁਰ, ਭਗਵਾਨਪੁਰ ਹੀਂਗਣਾ, ਮੀਰਪੁਰ ਕਲਾਂ, ਜੌੜਕੀਆਂ, ਬਹਿਣੀਵਾਲ ਪਿੰਡਾਂ ਦੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ। ਡੇਂਗੂ ਦਾ ਮੱਛਰ ਸਾਫ਼ ਪਾਣੀ ‘ਚ ਪੈਦਾ ਹੁੰਦਾ ਹੈ, ਇਸ ਲਈ ਕਿ ਘਰਾਂ ਵਿਚ ਪਾਣੀ ਦੇ ਇਸਤੇਮਾਲ ਦੀਆਂ ਚੀਜ਼ਾਂ ਦੀ ਸਾਫ਼-ਸਫ਼ਾਈ ਰੱਖੀ ਜਾਵੇ। ਸਿਹਤ ਇੰਸਪੈਕਟਰ ਨਿਰਮਲ ਸਿੰਘ ਕਣਕਵਾਲੀਆ, ਜਰਨੈਲ ਸਿੰਘ, ਸੰਜੀਵ ਕੁਮਾਰ, ਰਵਿੰਦਰ ਸਿੰਘ ਰਵੀ, ਸਤਨਾਮ ਸਿੰਘ ਚਹਿਲ, ਦਲਜੀਤ ਸਿੰਘ ਸੰਧੂ ਇਸ ਮੌਕੇ ਹਾਜ਼ਰ ਸਨ।