ਸਰਦੂਲਗੜ੍ਹ – 27 ਅਪ੍ਰੈਲ (ਜ਼ੈਲਦਾਰ ਟੀ.ਵੀ.) ਪੰਜਾਬ ਰਾਜ ਅਧਿਆਪਕ ਯੋਗਤਾ ਦੇ 30 ਅਪ੍ਰੈਲ 2023 ਨੂੰ ਹੋਣ ਵਾਲੇ ਟੈਸਟ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਬਲਦੀਪ ਕੌਰ ਵਲੋਂ ਮਾਨਸਾ ‘ਚ ਨਿਰਧਾਰਿਤ ਕੀਤੇ ਪ੍ਰੀਖਿਆ ਕੇਂਦਰਾਂ ਤੋਂ 100 ਮੀਟਰ ਦੇ ਘੇਰੇ ਅੰਦਰ ਜਾਬਤਾ ਫੋਜ਼ਦਾਰੀ ਸੰਘਤਾ 1973 ਦੀ ਧਾਰਾ 144 ਤਹਿਤ ਮਨਾਹੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ।ਇਹ ਹੁਕਮ 30 ਅਪ੍ਰੈਲ 2023 ਲਈ ਲਾਗੂ ਰਹਿਣਗੇ।
ਜ਼ਿਲ੍ਹੇ ਅੰਦਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਮਾਨਸਾ, ਸ੍ਰੀ ਚੇਤਨ ਸਿੰਘ ਸਰਵਹਿੱਤਕਾਰੀ ਸੈਕੰਡਰੀ ਸਕੂਲ ਮਾਨਸਾ, ਗਾਂਧੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਮਾਈ ਨਿੱਕੋ ਦੇਵੀ ਮਾਡਲ ਸੀਨੀਅਰ ਸੈਕੰਡਰੀ ਮਾਨਸਾ, ਸ੍ਰੀ ਨਰਾਇਣ ਸ਼ਿਕਸ਼ਨ ਕੇਂਦਰ ਸੀਨੀਅਰ ਸੈਕੰਡਰੀ ਸਕੂਲ ਸਰਸਾ-ਬਰਨਾਲਾ ਰੋਡ ਮਾਨਸਾ, ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਮਾਨਸਾ, ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਮਾਨਸਾ ਤੋਂ ਇਲਾਵਾ ਮਾਤਾ ਸੁੰਦਰੀ ਗਰਲਜ਼ ਕਾਲਜ ਮਾਨਸਾ, ਐੱਸ.ਡੀ. ਗਰਲਜ਼ ਕਾਲਜ ਮਾਨਸਾ, ਮਾਲਵਾ ਕਾਲਜ ਆਫ਼ ਟ੍ਰੇਨਿੰਗ ਐਂਡ ਐਜੂਕੇਸ਼ਨ ਮਲਕਪੁਰ ਖ਼ਿਆਲਾ, ਦਸਮੇਸ਼ ਪਬਲਿਕ ਸਕੂਲ ਮਾਨਸਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਖਿਆਲ਼ਾ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੈਣੀ ਬਾਘਾ, ਸਮਰਫ਼ੀਲਡ ਪਬਲਿਕ ਸਕੂਲ ਮਾਨਸਾ, ਮਾਈ ਭਾਗੋ ਕਾਲਜ ਰੱਲਾ, ਸਰਕਾਰੀ ਸੀਨੀਅਰ ਸੈਕਡੰਰੀ ਸਕੂਲ (ਲੜਕੀਆਂ) ਬੁਢਲਾਡਾ, ਮਨੂੰ ਵਾਟਿਕਾ ਡੇਅ ਬੋਰਡਿੰਗ ਸਕੂਲ ਬੁਢਲਾਡਾ ਵਿਖੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਲਈ ਪ੍ਰੀਖਿਆ ਕੇਂਦਰ ਬਣਾਏ ਗਏ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਪ੍ਰੀਖਿਆ ਕੇਂਦਰਾਂ ‘ਚ ਅਣਉਚਿੱਤ ਸਾਧਨਾਂ ਦੀ ਵਰਤੋਂ ਹੋਣ ਤੇ ਆਲੇ-ਦੁਆਲੇ ਸ਼ਰਾਰਤੀ ਅਨਸਰਾਂ ਦੇ ਇਕੱਠੇ ਹੋ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਹੈ।ਜਿਸ ਨਾਲ ਪ੍ਰੀਖਿਆ ਦੀ ਪਵਿੱਤਰਤਾ ਤੇ ਅਨੁਸ਼ਾਸਨ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।ਪ੍ਰੀਖਿਆ ਕੇਂਦਰਾਂ ਦੇ ਨਜ਼ਦੀਕ ਨਕਲ ਕਰਵਾਉਣ ਦੀ ਮਨਸ਼ਾ ਨਾਲ ਖੜ੍ਹੇ ਹੋਣ, ਨਾਅਰੇਬਾਜ਼ੀ ਕਰਨ, ਕਾਨੂੰਨ ਤੋੜਨ ਵਾਲੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।