
ਪੁਲਿਸ ਨੇ ਪਰਚਾ ਦਰਜ ਕੀਤਾ
ਸਰਦੂਲਗੜ੍ਹ – 24 ਅਪ੍ਰੈਲ (ਜ਼ੈਲਦਾਰ ਟੀ.ਵੀ.) ਰੂਪਨਗਰ ਜ਼ਿਲ੍ਹੇ ਦੇ ਮੋਰਿੰਡਾ ਵਿਖੇ ਗੁਰਦੁਆਰਾ ਕੋਤਵਾਲੀ ਸਾਹਿਬ ‘ਚ ਬੇਅਦਬੀ ਦੀ ਘਟਨਾ ਵਾਪਰ ਜਾਣ ਦੀ ਮੰਦਭਾਗੀ ਖਬਰ ਹੈ।ਪਹਿਰਾਵੇ ਪੱਖੋਂ ਸਿੱਖ ਨਜ਼ਰ ਆਉਂਦੇ ਇਕ ਨੌਜਵਾਨ ਨੇ ਜੁੱਤਿਆਂ ਸਣੇ ਦਰਬਾਰ ਸਾਹਿਬ ‘ਚ ਦਾਖ਼ਲ ਹੋ ਕੇ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਨ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ।ਜਿਸ ਨੂੰ ਕਾਬੂ ਕਰਕੇ ਸੰਗਤ ਨੇ ਪੁਲਿਸ ਦੇ ਹਵਾਲੇ ਕਰ ਦਿੱਤਾ।ਜਿਸਦੇ ਖਿਲਾਫ ਧਾਰਾ 295 ਤਹਿਤ ਪਰਚਾ ਦਰਜ ਕੀਤਾ ਗਿਆ ਹੈ।
ਰੋਸ ਵੱਜੋਂ ਸ਼ਹਿਰ ਬੰਦ – ਘਟਨਾ ਦਾ ਪਤਾ ਲੱਗਦਿਆਂ ਹੀ ਰੋਸ ਵੱਜੋਂ ਪੂਰਾ ਸ਼ਹਿਰ ਬੰਦ ਕਰ ਦਿੱਤਾ ਗਿਆ।ਸਖ਼ਤ ਕਾਰਵਾਈ ਦੀ ਮੰਗ ਕਰਦੇ ਲੋਕ ਥਾਣੇ ਮੂਹਰੇ ਧਰਨਾ ਲਗਾ ਕੇ ਬੈਠ ਗਏ।ਇਨਸਾਫ ਮੰਗਦੀ ਸੰਗਤ ਦਾ ਸਾਥ ਦੇਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਵੱਡੀ ਗਿਣਤੀ ‘ਚ ਹੋਰ ਲੋਕ ਧਰਨੇ ਵਿਚ ਸ਼ਾਮਲ ਹੋਏ।
ਸਿੱਖ ਸ਼ਖਸੀਅਤਾਂ ਵਲੋਂ ਚਿੰਤਾ ਦਾ ਪ੍ਰਗਟਾਵਾ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਬੇਅਦਬੀ ਘਟਨਾਵਾਂ ਤੇ ਚਿੰਤਾ ਜ਼ਾਹਿਰ ਕਰਦਿਆਂ ਪੰਜਾਬ ਸਰਕਾਰ ਤੋਂ ਦੋਸ਼ੀਆਂ ਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।ਉਨ੍ਹਾਂ ਕਿਹਾ ਕਿ ਬੀਤੇ ਕੱਲ੍ਹ ਫਰੀਦਕੋਟ ਦੇ ਗੋਲੂਵਾਲਾ ਨੇੜੇ ਗੁਟਕਾ ਸਾਹਿਬ ਦੇ ਪੱਤਰੇ ਪਾੜ ਕੇ ਸੁੱਟੇ ਗਏ ਸਨ।ਉਨ੍ਹਾਂ ਕਿਹਾ ਕਿ ਜਾਣਬੁੱਝ ਕੇ ਪੰਜਾਬ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੇਅਦਬੀ ਘਟਨਾ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਸਖ਼ਤੀ ਦਾ ਡਰ ਨਾ ਹੋਣ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।ਜਿਸ ਬਾਰੇ ਸੂਬਾ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ।
One Comment
ਬਹੁਤ ਮੰਦਭਾਗੀ ਘਟਨਾ