‘ਕੌੜਾ ਸੱਚ’
ਸਿਖਰ ਚਾੜ੍ਹ ਕੇ ਪੌੜੀ ਖਿੱਚਣੀ
ਹੁੰਦਾ ਕੰਮ ਗਦਾਰਾਂ ਦਾ।
ਰੁੱਤਾਂ ਵਾਗੂੰ ਬਦਲ ਜਾਣ, ਅੱਜ
ਨਹੀਂ ਭਰੋਸਾ ਯਾਰਾਂ ਦਾ।
ਫਿਰਦੇ ਲਾਲ਼ਾ ਚੱਟਦੇ ਜਿਹੜੇ
ਓਹੀ ਦੁਸ਼ਮਣ ਬਣ ਜਾਂਦੇ।
ਯਾਰ ਦੀ ਲੰਕਾ ਡੇਗਣ ਲਈ, ਝੱਟ
ਗੈਰਾਂ ਦੇ ਸੰਗ ਰਲ਼ ਜਾਂਦੇ।
ਸੁਲਫੇ ਸੂਟੇ ਦੀ ਆਦਤ ਮਾੜੀ
ਨਿੰਦਿਆ ਚੁਗਲੀ ਕਰੀਏ ਨਾ।
ਡਾਰ ਖੰਭਾਂ ਤੋਂ ਬਣ ਜਾਂਦੀ
ਕੰਜਰੀ ਦੀ ਹਾਮੀ ਭਰੀਏ ਨਾ।
ਤੁਰ ਜਾਵੇ ਜੇ ਸਿਰ ਦਾ ਸਾਂਈ
ਨਹੀਂ ਪੈਂਦਾ ਮੁੱਲ ਸ਼ਿੰਗਾਰਾਂ ਦਾ।
ਦਿਲ ਵਾਲੇ ਹੀ ਸਮਝਣ, ਦੁੱਖ
ਵਿੱਛੜ ਗਏ ਦਿਲਦਾਰਾਂ ਦਾ।
ਉੱਜੜ ਜਾਵੇ ਜੇ ਕਦੇ ਗਵਾਂਢੀ
ਘਰ ਆਪਣੇ ਜਸ਼ਨ ਮਨਾਈਏ ਨਾ।
ਦੁੱਧ ਪੁੱਤ ਰੱਬ ਸਭ ਨੂੰ ਦੇਵੇ
ਕਸਮ ਲੱਖਾਂ ਤੇ ਖਾਈਏ ਨਾ।
ਨਹੀਂ ਜਾਣੇ ਵਜ਼ਨ ਲੰਗੋਟੇ ਦਾ
ਨਾ ਸਾਧ ਸਨਿਆਸੀ ਰਹਿੰਦਾ ਏ
ਸੀਰੀ ਦਾ ਸਾਕੀ ਬਣ ਜਾਵੇ
ਨਾ ਰੋਹਬ ਜੱਟ ਦਾ ਪੈਂਦਾ ਏ।
ਜ਼ੈਲਦਾਰਾ ਜੇ ਨਿਭਣਾ ਨੀ
ਕੀ ਫਾਇਦਾ ਕਰੇ ਕਰਾਰਾਂ ਦਾ।
ਰੁੱਤਾ ਵਾਗੂੰ ਬਦਲ ਜਾਣ, ਅੱਜ
ਨਹੀਂ ਭਰੋਸਾ ਯਾਰਾਂ ਦਾ।