ਅਜ਼ਾਦੀ ਦੇ 7 ਦਹਾਕੇ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਅਧੂਰੇ – ਡਾ. ਸਾਧੂਵਾਲਾ
ਸਰਦੂਲਗੜ੍ਹ-3 ਅਪ੍ਰੈਲ (ਜ਼ੈਲਦਾਰ ਟੀ.ਵੀ.) 23 ਮਾਰਚ ਦੇ ਸ਼ਹੀਦ, ਦੇਸ਼ ਦੀ ਅਜ਼ਾਦੀ ਲਈ ਆਪਾ ਵਾਰਨ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਯਾਦ ਨੂੰ ਸਮਰਪਿਤ ਸਰਦੂਲਗੜ੍ਹ (ਮਾਨਸਾ) ਦੇ ਪਿੰਡ ਲੋਹਗੜ੍ਹ ਵਿਖੇ ‘ਸ਼ਹੀਦਾਂ ਨੂੰ ਸਲਾਮ’ ਦੇ ਨਾਂਅ ਹੇਠ ਇਕ ਪ੍ਰੋਗਰਾਮ ਕਰਵਾਇਆ ਗਿਆ।
ਜਿਸ ਦੌਰਾਨ ਸ਼ਹੀਦ ਭਗਤ ਸਿੰਘ ਕਲਾ ਕੇਂਦਰ ਬੋਹਾ ਦੇ ਕਲਾਕਾਰਾਂ ਨੇ ਸੁਰਿੰਦਰ ਸਾਗਰ ਦੀ ਨਿਰਦੇਸ਼ਨਾਂ‘ਚ ਡਾ.ਕੁਲਦੀਪ ਸਿੰਘ ਦੀਪ ਦੇ ਲਿਖੇ ਨਾਟਕ ‘ਮੈਂ ਅਜੇ ਜ਼ਿੰਦਾ ਹਾਂ’ ਤੋਂ ਇਲਾਵਾ ਸੱਤਾ ਦੇ ਲਾਲਚੀ ਨੇਤਾਵਾਂ ਤੇ ਵਿਅੰਗ ਕਰਦੀ ਕੋਰੀਓਗਰਾਫੀ ‘ਕੁਰਸੀ ਨਾਚ ਨਚਾਏ’ ਦੀ ਸਫਲ ਪੇਸ਼ਕਾਰੀ ਕੀਤੀ।ਗੁਰਜੰਟ ਸਿੰਘ ਭਾਨਾ ਜਾਦੂਗਰ ਨੇ ਵਿਗਿਆਨਕ ਢੰਗ ਨਾਲ ਰਹੱਸਮਈ ਖੇਡਾਂ ਦਿਖਾਉਂਦੇ ਹੋਏ ਲੋਕਾਂ ਨੂੰ ਵਹਿਮਾਂ ਭਰਮਾਂ ਦੇ ਜਾਲ਼‘ਚ ਨਾ ਫਸਣ ਲਈ ਜਾਗਰੂਕ ਕੀਤਾ।ਹਾਸਰਸ ਗੱਲਾਂ ਨਾਲ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਵੀ ਕੀਤਾ।
ਸਮਾਗਮ ਦੇ ਮੁੱਖ ਬੁਲਾਰੇ ਡਾਕਟਰ ਬਿੱਕਰਜੀਤ ਸਿੰਘ ਸਾਧੂਵਾਲਾ ਨੇ ਸੰਬੋਧਨ ਕਰਦੇ ਹੋਏ ਕਿਹਾ ਸਮੇਂ ਦੀਆਂ ਸਰਕਾਰਾਂ ਅਜ਼ਾਦੀ ਦੇ 7 ਦਹਾਕੇ ਬਾਅਦ ਵੀ ਸ਼ਹੀਦਾਂ ਦੇ ਸੁਪਨੇ ਪੂਰੇ ਨਹੀਂ ਕਰ ਸਕੀਆਂ।ਆਰਥਿਕ ਪੱਖੋਂ ਪੱਛੜੇ ਪੇਂਡੂ ਲੋਕਾਂ ਨੂੰ ਮਨਰੇਗਾ ਜਿਹੀਆਂ ਸਕੀਮਾਂ ਪੂਰਾ ਲਾਭ ਨਹੀਂ ਮਿਲ ਰਿਹਾ।ਇਸ ਵਾਰ ਮਨਰੇਗਾ ਬਜ਼ਟ ਦੇ ਪੈਸੇ ਨਾਲ 100 ਦਿਨ ਦੀ ਬਜਾਏ ਸਿਰਫ 18 ਦਿਨ ਹੀ ਕੰਮ ਮਿਲ ਸਕੇਗਾ।ਪੰਚਾਇਤੀ ਕਾਰਜਾਂ ਦੇ ਸੁਧਾਰ ਲਈ ਗਰਾਮ ਸਭਾਵਾਂ ਨੂੰ ਸੁਰਜੀਤ ਕਰਨਾ ਸਮੇਂ ਦੀ ਵੱਡੀ ਲੋੜ ਹੈ।ਸਰਕਾਰਾਂ ਦੀ ਸ਼ਹਿ ਤੇ ਅੱਜ ਦੇ ਧਨਕੁਬੇਰ ਆਮ ਲੋਕਾਂ ਨੂੰ ਹਾਸ਼ੀਏ ਤੇ ਧੱਕਣ ਲਈ ਯਤਨਸ਼ੀਲ ਹਨ।ਉਨ੍ਹਾਂ ਅਪੀਲ ਕੀਤੀ ਕਿ ਸ਼ਹੀਦਾਂ ਦੀ ਸੋਚ ਤੇ ਚੱਲਦੇ ਹੋਏ ਅਜਿਹੇ ਵਰਤਾਰੇ ਦਾ ਸਾਨੂੰ ਰਲ਼ ਮਿਲ਼ ਕੇ ਵਿਰੋਧ ਕਰਨਾ ਚਾਹੀਦਾ ਹੈ।
ਅੰਤ ਵਿੱਚ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਕ ਦੀ ਭੂਮਿਕਾ ਜਸਵੰਤ ਸਿੰਘ ਨੇ ਅਦਾ ਕੀਤੀ।ਇਸ ਮੌਕੇ ਜਰਨੈਲ ਸਿੰਘ ਮੁਸਾਫਰ, ਅਮਰੀਕ ਸਿੰਘ, ਲਖਵਿੰਦਰ ਸਿੰਘ, ਜਤਿੰਦਰ ਸਿੰਘ, ਪਰਮਜੀਤ ਸਿੰਘ, ਸੁੱਖਾ ਸਿੰਘ, ਬਿੰਦਰ ਸਿੰਘ ਹਾਜ਼ਰ ਤੋਂ ਇਲਾਵਾ ਸਮੂਹ ਗਰਾਮ ਪੰਚਾਇਤ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।