ਪੰਜਾਬੀ ਯੂਨੀਵਰਸਿਟੀ ਦੀ ਗਰਾਂਟ’ਚ ਕਟੌਤੀ ਸਰਕਾਰ ਦਾ ਭੱਦਾ ਮਜ਼ਾਕ-ਵਿਦਿਆਰਥੀ ਆਗੂ
ਸਰਦੂਲਗੜ੍ਹ-11 ਮਾਰਚ(ਜ਼ੈਲਦਾਰ ਟੀ.ਵੀ.) ਸਵਰਗੀ ਬਲਰਾਜ ਸਿੰਘ ਭੂੰਦੜ ਮੈਮੋਰੀਅਲ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦੀ ਪੰਜਾਬ ਸਟੂਡੈਂਟ ਫੈੱਡਰੇਸ਼ਨ ਇਕਾਈ ਨੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਪੇਸ਼ ਕੀਤੇ ਬਜਟ ਵਿਚ ਬਣਦੀ ਗਰਾਂਟ ਨਾਂ ਦੇਣ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।ਸਕੱਤਰ ਸਿਮਰਜੀਤ ਸਿੰਘ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਉਚੇਰੀ ਸਿੱਖਿਆ ਨੂੰ ਢਾਹ ਲਾਉਣ ਲਈ ਯੂਨੀਵਰਸਿਟੀ ਦੇ ਬਜਟ’ਚ ਕਟੌਤੀ ਕੀਤੀ ਹੈ।ਪਿਛਲੇ ਕਾਫੀ ਸਮੇਂ ਤੋਂ ਪੰਜਾਬੀ ਯੂਨੀਵਰਸਿਟੀ ਵੱਡੇ ਵਿੱਤੀ ਸੰਕਟ ਨਾਲ ਜੂਝ ਰਹੀ ਹੈ।ਇਹ ਉੱਚ ਸਿੱਖਿਆ ਸੰਸਥਾ ਕਰੋੜਾਂ ਰੁ. ਕਰਜ਼ੇ ਦੇ ਬੋਝ ਹੇਠ ਹੈ।ਸਰਕਾਰ ਨੇ ਸਭ ਕੁਝ ਜਾਣਦੇ ਹੋਏ ਵੀ ਸਿਰਫ 164 ਕਰੋੜ ਰੁ. ਗਰਾਂਟ ਦਾ ਐਲਾਨ ਕੀਤਾ, ਦੇ ਨਾਲ ਪੰਜਾਬੀ ਯੂਨੀਵਰਸਿਟੀ ਸਿਰਫ ਚੰਦ ਮਹੀਨੇ ਹੀ ਚੱਲ ਸਕਦੀ ਹੈ।ਵਿਦਿਆਰਥੀ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਤੇ ਯੂਨੀਵਰਸਿਟੀ ਨਾਲ ਭੱਦਾ ਮਜ਼ਾਕ ਕੀਤਾ ਹੈ।ਵਿਦਿਆਰਥੀ ਜਥੇਬੰਦੀ ਤਰਫੋਂ ਮੰਗ ਕਰਦੇ ਹੋਏ ਕਿਹਾ ਯੂਨੀਵਰਸਿਟੀ ਦੀ ਬਣਦੀ ਗਰਾਂਟ ਜਾਰੀ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ’ਚ ਵਿਦਿਆਰਥੀ ਜਥੇਬੰਦੀਆਂ ਤਿੱਖਾ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਣਗੀਆਂ।ਇਸ ਮੌਕੇ ਮਨਪ੍ਰੀਤ ਸਿੰਘ, ਮਨਜੋਤ ਸਿੰਘ, ਪ੍ਰਗਟ ਸਿੰਘ, ਗੁਰਵਿੰਦਰ ਕੌਰ, ਅਨੀਤਾ ਰਾਣੀ ਤੇ ਹੋਰ ਵਿਦਿਆਰਥੀ ਹਾਜ਼ਰ ਸਨ।