ਕਿਸਾਨਾਂ ਦੇ ਘਰਾਂ’ਚ ਸੀ.ਬੀ.ਆਈ.ਦੇ ਛਾਪੇ ਕੇਂਦਰ ਸਰਕਾਰ ਦੀ ਚਾਲ-ਕਿਸਾਨ ਆਗੂ
ਸਰਦੂਲਗੜ੍ਹ-28 ਫਰਵਰੀ(ਜ਼ੈਲਦਾਰ ਟੀ.ਵੀ.)ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਵਿਸ਼ੇਸ਼ ਇਕੱਤਰਤਾ ਬਾਲ ਭਵਨ ਮਾਨਸਾ ਵਿਖੇ 27 ਫਰਵਰੀ ਨੂੰ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਦੀ ਪ੍ਰਧਾਨਗੀ’ਚ ਹੋਈ।ਇਸ ਦੌਰਾਨ ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਤੇ ਭਾਕਿਯੂ(ਬਹਿਰੂ)ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਦੇ ਘਰ ਸੀ.ਬੀ.ਆਈ.ਵਲੋਂ ਅਚਨਚੇਤ ਕੀਤੀ ਛਾਪੇਮਾਰੀ ਨੂੰ ਗੰਭੀਰਤਾ ਨਾਲ ਵਿਚਾਰਦੇ ਹੋਏ,ਇਸ ਨੂੰ ਕੇਂਦਰ ਸਰਕਾਰ ਦੀ ਇਕ ਚਾਲ ਦੱਸਿਆ ਹੈ।ਸੂਬਾ ਮੀਤ ਪ੍ਰਧਾਨ ਪ੍ਰਸ਼ੋਤਮ ਸਿੰਘ ਗਿੱਲ ਤੇ ਨਿਰਮਲ ਸਿੰਘ ਝੰਡੂਕੇ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਲੋਕ ਬੰਦੀ ਸਿੰਘਾ ਦੀ ਰਿਹਾਈ ਲਈ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣ ਰਹੇ ਹਨ।ਜਿਸ ਤੋਂ ਕੇਂਦਰ ਸਰਕਾਰ ਬੁਖਲਾਹਟ’ਚ ਆ ਕੇ ਕਿਸਾਨਾਂ ਨੂੰ ਡਰਾ ਧਮਕਾ ਰਹੀ ਹੈ।ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕਿਸਾਨਾਂ ਪ੍ਰਤੀ ਅਪਣਾਏ ਗਏ ਇਸ ਵਤੀਰੇ ਦੀ ਸਖ਼ਤ ਸ਼ਬਦਾਂ’ਚ ਨਿਖੇਧੀ ਕਰਦੇ ਹਨ।ਉਨ੍ਹਾਂ ਮੰਗ ਕੀਤੀ ਕਿ ਸਜ਼ਾ ਪੂਰੀ ਕਰ ਚੁੱਕੇ ਜੇਲਾਂ’ਚ ਬੰਦ ਸਿੰਘਾਂ ਨੂੰ ਜਲਦੀ ਰਿਹਾਅ ਕੀਤਾ ਜਾਵੇ।ਇਸ ਮੌਕੇ ਕਾਕਾ ਸਿੰਘ,ਕਰਮ ਸਿੰਘ,ਕਰਨੈਲ ਸਿੰਘ,ਰਜਿੰਦਰ ਸਿੰਘ,ਲਾਭ ਸਿੰਘ,ਹਰਬੰਸ ਸਿੰਘ,ਗੁਰਬਚਨ ਸਿੰਘ ਹਾਜ਼ਰ ਸਨ।