ਕੌਮੀ ਰਿਕਾਰਡ ਹੋਲਡਰ ਅਥਲੀਟ ਮੰਜੂ ਰਾਣੀ ਨੂੰ ਆਰਥਿਕ ਸਹਾਇਤਾ ਦੇਵੇ ਪੰਜਾਬ ਸਰਕਾਰ–ਦਿਲਰਾਜ ਸਿੰਘ ਭੂੰਦੜ
ਸਰਦੂਲਗੜ੍ਹ-25 ਫਰਵਰੀ (ਜ਼ੈਲਦਾਰ ਟੀ.ਵੀ.) ਪਿਛਲੇ ਦਿਨੀ 35 ਕਿਲੋਮੀਟਰ ਪੈਦਲ ਚਾਲ ਦਾ ਕੌਮੀ ਰਿਕਾਰਡ ਤੋੜ ਕੇ ਏਸ਼ੀਅਨ ਗੇਮਜ਼ ਲਈ ਕੁਆਲੀਫਾਈ ਕਰਨ ਵਾਲੀ ਸਰਦੂਲਗੜ੍ਹ (ਮਾਨਸਾ) ਦੇ ਪਿੰਡ ਖੈਰਾ ਖੁਰਦ ਦੀ ਜੰਮਪਲ ਅਥਲੀਟ ਮੰਜੂ ਰਾਣੀ ਨੂੰ ਸਰਕਾਰੀ ਆਰਥਿਕ ਸਹਾਇਤਾ ਦੀ ਬਹੁਤ ਲੋੜ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਦਿਲਰਾਜ ਸਿੰਘ ਭੂੰਦੜ ਨੇ ਪੱਤਰਕਾਰ ਮਿਲਣੀ ਦੌਰਾਨ ਕੀਤਾ।ਉਨ੍ਹਾਂ ਕਿਹਾ ਮੰਜੂ ਰਾਣੀ ਦੇ ਪਰਿਵਾਰ ਨੇ ਕਰਜ਼ਾ ਚੁੱਕ ਕੇ ਆਪਣੀ ਧੀ ਨੂੰ ਇਸ ਕਾਬਿਲ ਬਣਾਇਆ ਪਰ ਪੰਜਾਬ ਸਰਕਾਰ ਨੇ ਅਜੇ ਤੱਕ ਇਕ ਧੇਲੇ ਦੀ ਮਦਦ ਵੀ ਨਹੀਂ ਕੀਤੀ।ਅਕਾਲੀ ਆਗੂ ਨੇ ਦੱਸਿਆ ਕਿ ਅਥਲੀਟ ਅਕਸ਼ਦੀਪ ਸਿੰਘ ਜਿਸ ਨੇ 20 ਕਿਲੋਮੀਟਰ ਪੈਦਲ ਚਾਲ ਮੁਕਾਬਲੇ’ਚ ਸੋਨੇ ਦਾ ਤਮਗਾ ਹਾਸਲ ਕਰਨ ਦੇ ਨਾਲ 2024 ਉਲੰਪਿਕਸ ਲਈ ਕੁਆਲੀਫਾਈ ਵੀ ਕੀਤਾ ਹੈ,ਨੂੰ ਕੈਬਨਿਟ ਮੰਤਰੀ ਮੀਤ ਹੇਅਰ ਵਲੋਂ ਸਰਕਾਰ ਦੀ ਤਰਫੋਂ 5 ਲੱਖ ਰੁ. ਦੀ ਰਕਮ ਦਾ ਚੈੱਕ ਦਿੱਤਾ ਗਿਆ।ਪੰਜਾਬ ਸਰਕਾਰ ਦਾ ਇਹ ਉੱਦਮ ਸ਼ਲਾਘਾ ਯੋਗ ਹੈ ਪਰ ਖਿਡਾਰੀਆਂ ਨਾਲ ਵਿਤਕਰੇਬਾਜ਼ੀ ਠੀਕ ਨਹੀਂ।ਸਾਬਕਾ ਵਿਧਾਇਕ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਮੰਜੂ ਰਾਣੀ ਦੇ ਪਰਿਵਾਰ ਦਾ ਕਰਜ਼ਾ ਮਾਫ ਕਰਕੇ ਉਸਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਭਵਿੱਖ ਦੌਰਾਨ ਉਹ ਦੇਸ਼ ਦਾ ਨਾਂਅ ਹੋਰ ਉੱਚਾ ਕਰ ਸਕੇ।ਇਸ ਮੌਕੇ ਜਤਿੰਦਰ ਸਿੰਘ ਸੋਢੀ,ਤਰਸੇਮ ਚੰਦ ਭੋਲੀ,ਪਰੇਮ ਚੌਹਾਨ,ਨਿਰਮਲ ਸਿੰਘ ਨਾਹਰਾਂ,ਜਰਮਲ ਸਿੰਘ,ਹੇਮੰਤ ਹਨੀ,ਗੁਰਿੰਦਰ ਸਿੰਘ ਮਾਨ ਹਾਜ਼ਰ ਸਨ।