24 ਲੱਖ ਤੋਂ ਵੱਧ ਦਾ ਘਪਲਾ ਹੋਣ ਦੇ ਲਗਾਏ ਦੋਸ਼
ਸਰਦੂਲਗੜ੍ਹ-15 ਫਰਵਰੀ (ਜ਼ੈਲਦਾਰ ਟੀ.ਵੀ.) ਮਾਨਸਾ ਜ਼ਿਲ੍ਹੇ ਦੇ ਪਿੰਡ ਝੰਡਾ ਖੁਰਦ ਵਿਖੇ ਮਨਰੇਗਾ’ਚ ਹੋਏ ਘਪਲਿਆਂ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਪਹੁੰਚਾਉਣ ਦੀ ਮਨਸ਼ਾ ਨਾਲ ਕੁਝ ਨੌਜਵਾਨਾਂ ਨੇ ਪੂਰੀ ਹਾਲ ਕਹਾਣੀ ਬਿਆਨ ਕਰਦਾ ਝੰਡਾ ਚੁੱਕ ਕੇ ਮੁੱਖ ਮੰਤਰੀ ਦੀ ਕੋਠੀ ਤੱਕ ਪੈਦਲ ਯਾਤਰਾ ਸ਼ੁਰੂ ਕਰ ਦਿੱਤੀ ਹੈ।ਯਾਤਰਾ ਦੀ ਅਗਵਾਈ ਕਰ ਰਹੇ ਸੂਰਜ ਪਾਲ ਝੰਡਾ ਖੁਰਦ ਨੇ ਦੱਸਿਆ ਕਿ 2019 ਤੋਂ ਸੰਨ 2022 ਤੱਕ ਉਨ੍ਹਾਂ ਦੇ ਪਿੰਡ ਮਨਰੇਗਾ ਕੰਮਾਂ’ਚ 24 ਲੱਖ 47 ਹਾਜ਼ਰ ਤੇ 100 ਰੁ. ਦੀ ਹੇਰ-ਫੇਰ ਹੋਈ ਹੈ।ਨੌਜਵਾਨ ਨੇ ਦੋਸ਼ ਲਾਇਆ ਕਿ ਅਜਿਹੇ ਲੋਕਾਂ ਦੇ ਖਾਤਿਆਂ’ਚ ਵੀ ਪੈਸੇ ਜਾਂਦੇ ਰਹੇ ਜਿੰਨ੍ਹਾਂ ਦੀ ਬਹੁਤ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।ਮਸਲੇ ਨੂੰ ਪੰਚਾਇਤੀ ਵਿਭਾਗ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਪਰ ਇਨਸਾਫ਼ ਨਹੀਂ ਮਿਲਿਆ।ਮਜ਼ਬੂਰ ਹੋ ਕੇ ਉਨ੍ਹਾਂ ਨੇ ਮੁੱਖ ਮੰਤਰੀ ਦੀ ਕੋਠੀ ਤੱਕ ਪੈਦਲ ਜਾਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਜਾਂਦੀ ਉਹ ਵਾਪਸ ਨਹੀਂ ਮੁੜਨਗੇ।ਇਸ ਮੌਕੇ ਲਛਮਣ ਦਾਸ,ਸੁਖਦੇਵ ਸਿੰਘ,ਜਸਪ੍ਰੀਤ ਸਿੰਘ,ਪ੍ਰੇਮ ਕੁਮਾਰ,ਦਲਬੀਰ ਸਿੰਘ ਯਾਤਰੀ ਕਾਫਲੇ’ਚ ਹਾਜ਼ਰ ਸਨ
ਮਾਮਲਾ ਉਚ ਅਧਿਕਾਰੀਆਂ ਦੇ ਧਿਆਨ’ਚ – ਬਲਾਕ ਵਿਕਾਸ ਅਧਿਕਾਰੀ
ਇਸ ਸਬੰਧੀ ਬਲਾਕ ਵਿਕਾਸ ਤੇ ਪੰਚਾਇਤ ਅਧਿਕਾਰੀ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੇ ਜਾਂਚ ਉਪਰੰਤ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ’ਚ ਲਿਆ ਦਿੱਤਾ ਸੀ।ਜਿਸ ਦੀ ਪੜਤਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮਾਨਸਾ ਵਲੋਂ ਆਪਣੇ ਤੌਰ ਤੇ ਕੀਤੀ ਗਈ ਹੈ।