ਵੱਡੀ ਗਿਣਤੀ’ਚ ਸੰਗਤਾਂ ਹੋਈਆਂ ਨਤਮਸਤਕ
ਸਰਦੂਲਗੜ੍ਹ-2 ਫਰਵਰੀ(ਜ਼ੈਲਦਾਰ ਟੀ.ਵੀ.)ਮਾਨਸਾ ਜ਼ਿਲ੍ਹੇ ਦੇ ਪਿੰਡ ਆਲੀਕੇ ਵਿਖੇ ਸਥਿਤ ਗੁਰਦੁਆਰਾ ਸ੍ਰੀ ਅਕਾਲਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਇਕੋਤਰੀ ਸਮਾਗਮ ਪੂਰਨ ਸ਼ਰਧਾ ਤੇ ਮਰਿਯਾਦਾ ਸਹਿਤ ਸਮਾਪਤ ਹੋਏ।ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਇਹ ਧਾਰਮਿਕ ਸਮਾਗਮ 12 ਦਿਨ ਚੱਲਿਆ।ਆਖਰੀ ਦਿਨ ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਭੋਗ ਪਾਉਣ ਉਪਰੰਤ ਕਥਾ ਵਾਚਕਾਂ ਨੇ ਹਾਜ਼ਰ ਸੰਗਤਾਂ ਨੂੰ ਇਲਾਹੀ ਬਾਣੀ ਦੇ ਪਵਿੱਤਰ ਸ਼ਬਦਾਂ ਦੀ ਵਿਆਖਿਆ ਸੁਣਾ ਕੇ ਨਿਹਾਲ ਕੀਤਾ।ਢਾਡੀ ਜਥਿਆਂ ਨੇ ਸਿੱਖ ਧਰਮ ਨਾਲ ਸਬੰਧਿਤ ਵਾਰਾਂ ਪੇਸ਼ ਕੀਤੀਆਂ।ਗੁਰੂ ਕਾ ਲੰਗਰ ਅਤੁੱਟ ਵਰਤਿਆ।ਦੂਰ ਨੇੜੇ ਦੇ ਪਿੰਡਾਂ ਤੋਂ ਵੱਡੀ ਗਿਣਤੀ’ਚ ਸੰਗਤਾਂ ਨੇ ਹਾਜ਼ਰੀ ਲਵਾਈ।ਗੁਰੂ ਘਰ ਦੇ ਸੇਵਾਦਾਰ ਬਾਬਾ ਛੋਟਾ ਸਿੰਘ ਭਗਤ ਨੇ ਦੱਸਿਆ ਕਿ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਲੜਾਈ ਦੌਰਾਨ 2 ਸਿੰਘ ਜ਼ਖਮੀ ਹੋ ਕੇ ਇਸ ਅਸਥਾਨ ਤੇ ਪਹੁੰਚੇ ਸਨ।ਜਿੰਨ੍ਹਾਂ’ਚੋਂ ਇਕ ਤੰਦਰੁਸਤ ਹੋ ਕੇ ਅੱਗੇ ਚਾਲੇ ਪਾ ਗਿਆ ਤੇ ਦੂਜਾ ਇਸੇ ਜਗ੍ਹਾ ਅਕਾਲ ਚਲਾਣਾ ਕਰ ਗਿਆ ਤੇ ਸਥਾਨ ਦਾ ਨਾਮ ਅਕਾਲਸਰ ਪੈ ਗਿਆ।ਜਿਸ ਕਰਕੇ ਸ਼ਹੀਦ ਹੋਏ ਉਸ ਸਿੰਘ ਦੀ ਯਾਦ’ਚ ਹਰ ਸਾਲ ਇੱਥੇ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ।