ਸਮੱਸਿਆਵਾਂ ਦੇ ਹੱਲ ਨਾ ਹੋਣ ਤੋਂ ਸਰਦੂਲਗੜ੍ਹ ਦੇ ਲੋਕ ਮਾਯੂਸ
ਸਰਦੂਲਗੜ੍ਹ- 10 ਜਨਵਰੀ (ਜ਼ੈਲਦਾਰ ਟੀ.ਵੀ.) ਸੂਬੇ ਦੀ ਜਨਤਾ ਨੂੰ ਜ਼ਰੂਰੀ ਤੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ’ਚ ਪੰਜਾਬ ਸਰਕਾਰ ਪੂਰੀ ਤਰਾਂ ਅਸਫਲ ਸਾਬਿਤ ਹੋਈ ਹੈ।ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਰੋਮਣੀ ਅਕਾਲੀ ਦਲ ਦੇ ਸਾਬਕਾ ਸ਼ਹਿਰੀ (ਸਰਦੂਲਗੜ੍ਹ) ਪ੍ਰਧਾਨ ਤੇ ਅਬਜ਼ਰਬਰ ਜਤਿੰਦਰ ਸਿੰਘ ਸੋਢੀ ਨੇ ਗੱਲਬਾਤ ਕਰਦੇ ਹੋਏ ਕੀਤਾ।ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਸਰਦੂਲਗੜ੍ਹ ਵਾਸੀ ਘਰੇਲੂ ਵਰਤੋਂ ਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ ਪਰ ਸਬੰਧਿਤ ਮਹਿਕਮਾ ਗੂੜ੍ਹੀ ਨੀਂਦ ਸੁੱਤਾ ਹੋਇਆ ਹੈ।ਸ਼ਹਿਰ ਅੰਦਰ ਸਫ਼ਾਈ ਤੇ ਸੀਵਰੇਜ਼ ਪ੍ਰਬੰਧਾ ਦੀ ਹਾਲਤ ਵੀ ਚੰਗੀ ਨਹੀਂ ਹੈ।ਆਉਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੇ ਮੱਦੇਨਜ਼ਰ ਕੀਤੀ ਗਈ ਵਾਰਡਬੰਦੀ ਤੋਂ ਇਲਾਵਾ ਸ਼ਹਿਰ’ਚੋਂ ਲੰਘਦੀ ਕੌਮੀ ਸੜਕ ਤੇ ਲੋੜੀਂਦੇ ਕੱਟ ਨਾ ਰੱਖੇ ਜਾਣ ਨੂੰ ਲੈ ਕੇ ਵੀ ਸ਼ਹਿਰ ਦੇ ਲੋਕ ਬਹੁਤ ਮਾਯੂਸ ਹਨ।ਉਪਰੋਕਤ ਸਮੱਸਿਆਵਾਂ ਵਾਰ-ਵਾਰ ਸੱਤਾ ਧਿਰ ਦੇ ਧਿਆਨ’ਚ ਲਿਆਉਣ ਤੋਂ ਬਾਅਦ ਵੀ ਮਸਲੇ ਹੱਲ ਨਹੀਂ ਹੋ ਰਹੇ ਜਿਸ ਕਰਕੇ ਧੜਾ-ਧੜ ਵੋਟਾਂ ਪਾ ਕੇ ਬਣਾਈ ਸਰਕਾਰ ਪ੍ਰਤੀ ਲੋਕਾਂ’ਚ ਭਾਰੀ ਰੋਸ ਹੈ।ਇਸ ਤਰਾਂ ਮਹਿਸੂਸ ਹੋ ਰਿਹਾ ਹੈ ਕਿ ਮਾਨ ਸਰਕਾਰ ਆਪਣੇ ਮੁੱਢਲੇ ਫਰਜ਼ਾਂ ਨੂੰ ਮੁੱਢ ਤੋਂ ਹੀ ਭੁੱਲ ਗਈ ਹੋਵੇ।