ਜੇਤੂਆਂ ਨੂੰ ਮਿਲੇਗਾ ਸੰਸਦ ਦੇ ਵਿਸ਼ੇਸ਼ ਸਮਾਗਮ’ਚ ਸ਼ਾਮਲ ਹੋਣ ਦਾ ਮੌਕਾ
ਸਰਦੂਲਗੜ੍ਹ- 5 ਜਨਵਰੀ (ਜ਼ੈਲਦਾਰ ਟੀ.ਵੀ.) ਭਾਰਤ ਸਰਕਾਰ ਵਲੋਂ ਸੰਸਦ’ਚ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮ’ਚ ਜ਼ਿਲ੍ਹੇ ਦੇ ਨੌਜਵਾਨਾਂ ਦੀ ਸ਼ਮੂਲੀਅਤ ਕਰਵਾਉਣ ਲਈ ਭਾਸ਼ਣ ਮੁਕਾਬਲੇ ਰੱਖੇ ਗਏ ਹਨ।ਇਸ ਸਬੰਧੀ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਯੂਥ ਅਫ਼ਸਰ ਸਰਬਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਸਮਾਗਮ’ਚ ਸ਼ਿਰਕਤ ਕਰਨ ਵਾਲਿਆਂ ਦੀ ਚੋਣ ਜ਼ਿਲ੍ਹਾ,ਰਾਜ,ਕੌਮੀ ਪੱਧਰ ਤੇ ਹੋਣ ਵਾਲੇ ਭਾਸ਼ਣ ਮੁਕਾਬਲਿਆਂ ਰਾਹੀਂ ਕੀਤੀ ਜਾਵੇਗੀ।ਮਾਨਸਾ ਜ਼ਿਲ੍ਹੇ ਦੇ ਮੁਕਾਬਲੇ ਰਮਨ ਸਿਨੇਮਾ ਰੋਡ ਵਿਖੇ 6 ਜਨਵਰੀ 2023 ਨੂੰ ਰੱਖੇ ਗਏ ਹਨ।ਜ਼ਿਲ੍ਹਾ ਪੱਧਰ ਦੇ ਜੇਤੂ 10 ਜਨਵਰੀ 2023 ਨੂੰ ਵਰਚੁਅਲ ਮੋਡ ਰਾਹੀਂ ਕਰਵਾਏ ਜਾਣ ਵਾਲੇ ਰਾਜ ਪੱਧਰੀ ਮੁਕਾਬਲੇ’ਚ ਭਾਗ ਲੈਣਗੇ।ਪ੍ਰੋਗਰਾਮ ਦੇ ਨੋਡਲ ਅਫ਼ਸਰ ਸੰਦੀਪ ਘੰਡ ਨੇ ਦੱਸਿਆ ਕਿ ਭਾਸ਼ਣ ਮੁਕਾਬਲੇ ਦੇ ਭਾਗੀਦਾਰ ਦੀ ਉਮਰ 1 ਜਨਵਰੀ 2023 ਨੂੰ 15 ਤੋਂ 29 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।ਸਮਾਂ ਵੱਧ ਤੋਂ ਵੱਧ 3 ਮਿੰਟ ਰੱਖਿਆ ਗਿਆ ਹੈ।ਜ਼ਿਲ੍ਹਾ ਪੱਧਰ ਲਈ ਪੰਜਾਬੀ-ਹਿੰਦੀ-ਅੰਗਰੇਜ਼ੀ’ਚੋਂ ਇਕ ਭਾਸ਼ਾ ਦੀ ਚੋਣ ਕਰਨੀ ਹੋਵੇਗੀ।ਰਾਜ ਜਾਂ ਕੌਮੀ ਪੱਧਰ ਲਈ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਨੂੰ ਹੀ ਪ੍ਰਵਾਨਤ ਕੀਤਾ ਗਿਆ ਹੈ।ਵਿਸ਼ਾ ਨੇਤਾ ਜੀ ਦੇ ਜੀਵਨ ਤੇ ਵਿਰਾਸਤ ਨਾਲ ਸਬੰਧਿਤ ਹੋਣਾ ਲਾਜ਼ਮੀ ਹੈ।ਜ਼ਿਲ੍ਹਾ ਪੱਧਰ ਦੇ ਪਹਿਲੇ 3 ਜੇਤੂਆਂ ਨੂੰ ਸਰਟੀਫਿਕੇਟ ਤੇ ਮੈਡਲ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਭਾਗ ਲੈਣ ਵਾਲੇ ਸਾਰੇ ਉਮੀਦਵਾਰਾਂ ਨੂੰ ਪ੍ਰਮਾਣ ਪੱਤਰ ਦਿੱਤੇ ਜਾਣਗੇ।