ਸਮਾਜ ਸੇਵੀ ਸੰਸਥਾਵਾਂ ਵਲੋਂ ਸਿਵਲ ਹਸਪਤਾਲ ਮਾਨਸਾ ਦੇ ਬਲੱਡ ਬੈਂਕ ਦਾ ਬਾਈਕਾਟ
ਸਰਦੂਲਗੜ੍ਹ-22 ਨਵੰਬਰ (ਜ਼ੈਲਦਾਰ ਟੀ.ਵੀ.) ਮਾਨਸਾ ਜ਼ਿਲ੍ਹੇ ਦੀਆਂ ਖੂਨਦਾਨ ਸੇਵਾ ਨਾਲ ਜੁੜੀਆਂ ਸੰਸਥਾਵਾਂ ਵਲੋਂ ਬਲੱਡ ਬੈਂਕ ਸਿਵਲ ਹਸਪਤਾਲ ਮਾਨਸਾ ਦੇ ਬਾਈਕਾਟ ਦਾ ਐਲਾਨ ਕਰ ਦਿੱਤਾ ਹੈ।ਸਟੇਟ ਐਵਾਰਡੀ ਗੁਰਪ੍ਰੀਤ ਸਿੰਘ ਭੰਮਾ ਨੇ ਦੱਸਿਆ ਕਿ ਉਪਰੋਕਤ ਹਸਪਤਾਲ ਦੇ ਸਿਹਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਇਕ ਸਰਕਾਰੀ ਹੁਕਮ ਦਾ ਹਵਾਲਾ ਦੇ ਕੇ ਕਿਹਾ ਕਿ ਕੈਂਪ ਲਗਾਉਣ ਦੀ ਮਨਜ਼ੂਰੀ ਸਿਵਲ ਸਰਜਨ ਮਾਨਸਾ ਤੋਂ ਲਈ ਜਾਵੇ।ਉਹ ਸਵੇਰ ਤੋਂ ਸ਼ਾਮ ਤੱਕ ਖੱਜਲ ਖੁਆਰ ਹੁੰਦੇ ਰਹੇ ਪਰ ਕਿਸੇ ਨਾ ਗੱਲ ਨਾ ਸੁਣੀ।ਮਜ਼ਬੂਰੀ ਵੱਸ ਖੂਨ ਇਕੱਤਰ ਕਰਨ ਲਈ ਇਕ ਨਿੱਜੀ ਬਲੱਡ ਬੈਂਕ ਦੀ ਟੀਮ ਨੂੰ ਬਠਿੰਡਾ ਤੋਂ ਸੱਦਿਆ ਗਿਆ।ਸਮਾਜ ਸੇਵੀ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਿਵਲ ਹਸਪਤਾਲ ਮਾਨਸਾ ਦਾ ਇਹੋ ਵਤੀਰਾ ਰਿਹਾ ਤਾਂ ਭਵਿੱਖ ਦੌਰਾਨ ਖੂਨਦਾਨੀ ਸੱਜਣ ਉੱਥੇ ਨਹੀਂ ਭੇਜੇ ਜਾਣਗੇ।ਇਸ ਮੌਕੇ ਲੋਕ ਭਲਾਈ ਕਲੱਬ ਭੰਮੇ ਕਲਾਂ,ਪੀਪਲ ਬਲੱਡ ਸੇਵਾ ਮਾਨਸਾ,ਭਗਵਾਨ ਦਾਸ ਸਪੋਰਟਸ ਕਲੱਬ ਹੀਰਕੇ, ਪਰਿਆਸ ਟਰੱਸਟ ਸਰਦੂਲਗੜ੍ਹ,ਧਾਲੀਵਾਲ ਸਪੋਰਟਸ ਕਲੱਬ ਦੂਲੋਵਾਲ,ਨਿਰਵੈਰ ਕਲੱਬ ਮਾਨਸਾ,ਪਰਿਆਸ ਕਲੱਬ ਝੁਨੀਰ ਸਮੇਤ ਹੋਰ ਸਮਾਜ ਸੇਵੀ ਇਕਾਈਆਂ ਦੇ ਨੁਮਾਇੰਦੇ ਹਾਜ਼ਰ ਸਨ।