ਸਰਦੂਲਗੜ੍ਹ’ਚ ਝੋਨੇ ਦੀ ਢੋਆ-ਢੁਆਈ ਨੂੰ ਲੈ ਕੇ ਟਰੈਕਟਰ ਤੇ ਟਰੱਕ ਮਾਲਕ ਆਹਮੋ-ਸਾਹਮਣੇ
ਸਰਦੂਲਗੜ੍ਹ-19 ਨਵੰਬਰ (ਜ਼ੈਲਦਾਰ ਟੀ.ਵੀ.) ਸਰਦੂਲਗੜ੍ਹ ਦੀ ਅਨਾਜ਼ ਮੰਡੀ’ਚੋਂ ਝੋਨੇ ਦੀ ਢੋਆ-ਢੁਆਈ ਨੂੰ ਲੈ ਕੇ ਟਰੱਕ ਮਾਲਕ ਤੇ ਟਰੈਕਟਰ-ਟਰਾਲੀ ਯੂਨੀਅਨ ਦੇ ਮੈਂਬਰ ਇਕ ਦੂਜੇ ਦੇ ਆਹਮੋ-ਸਾਹਮਣੇ ਹਨ।ਟਰੈਕਟਰ ਯੂਨੀਅਨ ਦੇ ਮੈਂਬਰ ਸੋਨੂੰ ਸਿੰਗਲਾ,ਬਲਵਿੰਦਰ ਸਿੰਘ,ਮੇਜਰ ਸਿੰਘ,ਕੁਲਦੀਪ ਸਿੰਘ ਨੇ ਦੱਸਿਆ ਕਿ ਝੋਨੇ ਦੇ ਗੱਟਿਆਂ ਨਾਲ ਲੱਦੀਆਂ ਕਈ ਟਰਾਲੀਆਂ ਨੂੰ ਟਰੱਕ ਮਾਲਕਾਂ ਨੇ ਜਬਰੀ ਰੋਕ ਦਿੱਤਾ ਹੈ।ਟਰੱਕਾਂ ਮਾਲਕਾਂ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਇਕ ਜ਼ੁਬਾਨੀ ਸਮਝੌਤੇ ਨੂੰ ਅਣਗੌਲਿਆਂ ਕਰਕੇ ਟਰਾਲੀਆਂ ਵਾਲੇ ਮਨਮਰਜ਼ੀ ਦਾ ਭਾਰ ਢੋਅ ਰਹੇ ਹਨ,ਦੇ ਕਾਰਨ ਸਾਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ।ਉਪਰੋਕਤ ਧਿਰਾਂ’ਚ ਪੈਦਾ ਹੋਏ ਵਿਵਾਦ ਦੇ ਕਾਰਨ ਨਿੱਜੀ ਵਪਾਰੀ ਵਰਗ ਨੇ ਝੋਨੇ ਦੀ ਖਰੀਦ ਬੰਦ ਕਰ ਦਿੱਤੀ ਸੀ।ਜਿਸ ਦੀ ਵਜ੍ਹਾ ਨਾਲ ਫਸਲ ਵੇਚਣ ਆਏ ਕਿਸਾਨ ਪਰੇਸ਼ਾਨ ਹੋ ਰਹੇ ਹਨ।ਇਸ ਸਬੰਧੀ ਉਪ ਮੰਡਲ ਅਧਿਕਾਰੀ ਪੂਨਮ ਸਿੰਘ ਨੇ ਕਿਹਾ ਕਿ ਪੜਤਾਲ ਉਪਰੰਤ ਮਸਲੇ ਦਾ ਹੱਲ ਜਲਦੀ ਕੀਤਾ ਜਾਵੇਗਾ ਪਰ ਝੋਨੇ ਦੀ ਚੁਕਾਈ’ਚ ਲੱਗੀਆਂ ਟਰਾਲੀਆਂ ਨੂੰ ਰੋਕਣ ਦਾ ਅਧਿਕਾਰ ਕਿਸੇ ਕੋਲ ਵੀ ਨਹੀਂ ਹੈ।