(ਅਕਾਲੀ ਦਲ ਨੇ ਮੁਅੱਤਲ ਕਰਨ ਤੋਂ ਪਹਿਲਾਂ ਕੁਝ ਨਹੀਂ ਸੋਚਿਆ)
ਸਰਦੂਲਗੜ੍ਹ-6 ਨਵੰਬਰ (ਜ਼ੈਲਦਾਰ ਟੀ.ਵੀ.) ਪਿਛਲੇ ਕਈ ਦਿਨਾਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਅਕਾਲੀ ਦਲ ਅਤੇ ਬੀਬੀ ਜਗੀਰ ਕੌਰ ਆਹਮੋ ਸਾਹਮਣੇ ਹਨ।ਸਾਬਕਾ ਪ੍ਰਧਾਨ ਇਸ ਗੱਲ ਦੀ ਵਕਾਲਤ ਕਰਦੇ ਹਨ ਕਿ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਉਮੀਦਵਾਰ ਦਾ ਐਲਾਨ ਕੀਤਾ ਜਾਵੇ ਕਿਉਂਕਿ ਆਮ ਲੋਕਾਂ’ਚ ਇਹ ਧਾਰਨਾ ਘਰ ਕਰ ਗਈ ਹੈ ਕਿ ਐਸ.ਜੀ.ਪੀ.ਸੀ. ਦਾ ਪ੍ਰਧਾਨ ਅਕਾਲੀ ਦਲ ਦੇ ਲਿਫਾਫੇ’ਚੋਂ ਨਿਕਲਦਾ ਹੈ।ਇਸੇ ਬਿਆਨਬਾਜ਼ੀ ਨੂੰ ਅਧਾਰ ਬਣਾ ਕੇ ਉਨ੍ਹਾਂ ਨੂੰ ਪਾਰਟੀ’ਚੋਂ ਮੁਅੱਤਲ ਕਰ ਦਿੱਤਾ ਗਿਆ ਸੀ।ਅਨੁਸ਼ਾਸਨੀ ਕਮੇਟੀ ਨੇ 7 ਨਵੰਬਰ (ਸੋਮਵਾਰ) ਦੁਪਹਿਰ 12 ਵਜੇ ਤੱਕ ਨਿੱਜੀ ਤੌਰ ਤੇ ਪਾਰਟੀ ਦੇ ਦਫ਼ਤਰ ਹਾਜ਼ਰ ਹੋ ਕੇ ਉਨ੍ਹਾਂ ਨੂੰ ਆਪਣਾ ਪੱਖ ਰੱਖਣ ਦਾ ਸਮਾਂ ਦਿੱਤਾ ਹੈ।ਇਸ ਦੇ ਉਲਟ ਬੀਬੀ ਜਗੀਰ ਕੌਰ ਦਾ ਕਹਿਣਾ ਹੈ ਕਿ ਸਮਾਂ ਦੇਣ ਬਾਰੇ ਮੁਅੱਤਲ ਕਰਨ ਤੋਂ ਪਹਿਲਾਂ ਸੋਚਿਆ ਜਾਣਾ ਚਾਹੀਦਾ ਸੀ।ਉਨ੍ਹਾਂ ਕਦੇ ਵੀ ਪਾਰਟੀ ਵਿਰੋਧੀ ਗਤੀਵਿਧੀ ਨਹੀਂ ਕੀਤੀ ਸਗੋਂ ਹਰ ਸਮੇਂ ਅਕਾਲੀ ਦਲ ਦੀ ਮਜ਼ਬੂਤੀ ਲਈ ਕੰਮ ਕੀਤਾ।ਉਨ੍ਹਾਂ ਕਿਹਾ ਕਿ ਜੇਕਰ ਮੈਨੂੰ ਕਮੇਟੀ ਦੇ ਪ੍ਰਧਾਨ ਦੀ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਤਾਂ ਸਾਰੀਆਂ ਸਿੱਖ ਸੰਗਤਾਂ ਨੂੰ ਨਾਲ ਲੈ ਕੇ ਸਿੱਖ ਰਹਿਤ ਮਰਿਯਾਦਾ ਦਾ ਵੱਧ ਤੋਂ ਵੱਧ ਪ੍ਰਚਾਰ ਕੀਤਾ ਜਾਵੇਗਾ।ਧਰਮ ਨੂੰ ਰਾਜੀਨਤੀ ਤੋਂ ਉੱਪਰ ਰੱਖਣ ਲਈ ਯਤਨ ਕੀਤੇ ਜਾਣਗੇ।ਇਹ ਵੀ ਜ਼ਿਕਰ ਕੀਤਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਮੇਂ-ਸਮੇਂ ਮਿਲਦੇ ਆਦੇਸ਼ਾਂ ਤੇ ਚੰਗੀ ਤਰਾਂ ਅਮਲ ਨਹੀਂ ਕੀਤਾ।ਜਿਸ ਕਾਰਨ ਬੇਅਦਬੀ ਲਈ ਇਨਸਾਫ਼ ਤੇ ਬੰਦੀ ਸਿੰਘਾਂ ਦੀ ਰਿਹਾਈ ਜਿਹੇ ਮਸਲੇ ਵੀ ਰੁਲ਼ ਕੇ ਰਹਿ ਗਏ।ਜੇਕਰ ਦੇਖਿਆ ਜਾਵੇ ਤਾਂ ਜਲੰਧਰ ਵਿਖੇ ਅੱਜ ਕੀਤੀ ਗਈ ਪੱਤਰਕਾਰ ਮਿਲਣੀ ਦੌਰਾਨ ਉਨ੍ਹਾਂ ਨੇ ਚੋਣ ਮਨੋਰਥ ਪੱਤਰ ਹੀ ਸਾਂਝਾ ਕਰ ਦਿੱਤਾ ਜਿਸ ਤੋਂ ਜ਼ਾਹਿਰ ਹੈ ਬੀਬਾ ਜੀ ਅਕਾਲੀ ਦਲ ਦੀ ਸਲਾਹ ਨੂੰ ਦਰ ਕਿਨਾਰ ਕਰਦੇ ਹੋਏ ਐਸ.ਜੀ.ਪੀ.ਸੀ.ਪ੍ਰਧਾਨ ਦੀ ਚੋਣ ਲੜਨ ਦਾ ਪੱਕਾ ਮਨ ਬਣਾ ਚੁੱਕੇ ਹਨ।