ਸਰਦੂਲਗੜ੍ਹ ਦੇ ਪਸ਼ੂ ਹਸਪਤਾਲਾਂ ਦੀ ਹਾਲਤ ਖਸਤਾ (ਡਾਕਟਰਾਂ ਤੇ ਬੁਨਿਆਦੀ ਸਹੂਲਤਾਂ ਦੀ ਘਾਟ)
ਸਰਦੂਲਗੜ੍ਹ- 16 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)ਮਾਨਸਾ ਦੇ ਸਰਦੂਲਗੜ੍ਹ ਹਲਕੇ ਅੰਦਰ ਪਸ਼ੂ ਹਸਪਤਾਲਾਂ’ਚ ਡਾਕਟਰਾਂ ਤੇ ਬੁਨਿਆਦੀ ਸਹੂਲਤਾਂ ਦੀ ਵੱਡੀ ਘਾਟ ਹੈ।ਇਸ ਦੀ ਵਜ੍ਹਾ ਨਾਲ ਸਮੇਂ-ਸਮੇਂ ਤੇ ਪਾਲਤੂ ਪਸ਼ੂਆਂ ਨੂੰ ਚਿੰਬੜ ਦੀ ਬਿਮਾਰੀ ਦੇ ਕਾਰਨ ਲੋਕਾਂ ਨੂੰ ਪਸ਼ੂ ਧਨ ਦੇ ਨਾਲ-ਨਾਲ ਵੱਡਾ ਆਰਥਿਕ ਨੁਕਸਾਨ ਵੀ ਝੱਲਣਾ ਪੈ ਸਕਦਾ ਹੈ।ਪੂਰੇ ਹਲਕੇ ਅੰਦਰ ਇਸ ਵਕਤ ਪਸ਼ੂ ਸਿਹਤ ਸੰਭਾਲ਼ ਲਈ 24 ਸੰਸਥਾਵਾਂ ਹਨ।ਜਿੰਨ੍ਹਾਂ’ਚੋਂ 14 ਹਸਪਤਾਲ ਤੇ 10 ਡਿਸਪੈਂਸਰੀ ਦੇ ਤੌਰ ਤੇ ਕਾਰਜਸ਼ੀਲ ਹਨ।
ਡਾਕਟਰਾਂ ਦੀ ਘਾਟ – ਪਸ਼ੂ ਹਸਪਤਾਲਾਂ’ਚ 14 ਡਾਕਟਰਾਂ ਦੀ ਜ਼ਰੂਰਤ ਹੈ ਪਰ ਇਸ ਸਮੇਂ 9 ਅਸਾਮੀਆਂ ਖ਼ਾਲੀ ਹਨ।ਸਿਰਫ 6 ਡਾਕਟਰ ਹੀ ਪੂਰੇ ਹਲਕੇ ਦਾ ਕੰਮ ਚਲਾ ਰਹੇ ਹਨ।ਇਸੇ ਤਰਾਂ ਕੁਝ ਥਾਵਾਂ ਤੇ ਫਰਮਾਸਿਸਟਾਂ ਦੀ ਵੀ ਲੋੜ ਹੈ।
ਇਮਾਰਤਾਂ ਦੇ ਨਵੀਨੀਕਰਨ ਦੀ ਜ਼ਰੂਰਤ – ਇਲਾਕੇ ਦੇ ਪਸ਼ੂ ਹਸਪਤਾਲਾਂ ਦੀਆਂ ਕੁਝ ਇਮਾਰਤਾਂ ਨੂੰ ਛੱਡ ਕੇ ਬਾਕੀ ਦੀ ਹਾਲਤ ਤਰਸਯੋਗ ਹੈ।ਕਈ ਹਸਪਤਾਲਾਂ ਤੇ ਡਿਸਪੈਂਸਰੀਆਂ’ਚ ਚਾਰ ਚੁਫੇਰੇ ਕੰਧਾਂ ਵੀ ਨਹੀਂ ਹਨ,ਦੇ ਕਾਰਨ ਮੁਲਾਜ਼ਮਾਂ ਨੂੰ ਦਫ਼ਤਰੀ ਸਮਾਂ ਗੁਜ਼ਾਰਨਾ ਮੁਸ਼ਕਿਲ ਹੋ ਜਾਂਦਾ ਹੈ।
ਬੁਨਿਆਦੀ ਸਹੂਲਤਾਂ ਤੇ ਦਰਜਾ ਚਾਰ ਮੁਲਾਜ਼ਮਾਂ ਦੀ ਕਮੀ – ਪਸ਼ੂ ਸੰਸਥਾਵਾਂ ਬੁਨਿਆਦੀ ਸਹੂਲਤਾਂ ਤੋਂ ਊਣੀਆਂ ਹਨ।ਕਈ ਥਾਵਾਂ ਤੇ ਪਖਾਨਿਆਂ ਦੀ ਹਾਲਤ ਬਹੁਤ ਖਸਤਾ ਹੈ।ਪੀਣ ਵਾਲੇ ਸਾਫ ਪਾਣੀ ਦੇ ਪ੍ਰਬੰਧਾਂ ਤੋਂ ਇਲਾਵਾ ਦਰਜਾ ਚਾਰ ਮੁਲਾਜ਼ਮਾਂ ਦੀ ਘਾਟ ਵੀ ਰੜਕਦੀ ਹੈ।ਜਿਸ ਕਾਰਨ ਸੰਸਥਾ ਦੀ ਸਾਫ ਸਫ਼ਾਈ ਤੇ ਸਾਂਭ-ਸੰਭਾਲ ਸਹੀ ਢੰਗ ਨਾਲ ਨਹੀਂ ਹੋ ਸਕਦੀ।
ਦਵਾਈਆਂ ਦੀ ਸਪਲਾਈ ਲਗਾਤਾ ਨਹੀਂ- ਆਮ ਤੌਰ ਤੇ ਸਰਕਾਰ ਵਲੋਂ ਹਸਪਤਾਲਾਂ’ਚ ਲਗਾਤਾਰ ਦਵਾਈ ਨਹੀਂ ਭੇਜੀ ਜਾਂਦੀ।ਜਿਸ ਕਰਕੇ ਲੋੜਵੰਦ ਲੋਕਾਂ ਨੂੰ ਪਸ਼ੂਆਂ ਦਾ ਇਲਾਜ ਬਾਜ਼ਾਰੋਂ ਦਵਾਈ ਖਰੀਦ ਕੇ ਕਰਾਉਣਾ ਪੈਂਦਾ ਹੈ। ਲੰਿਪੀ ਸਕਿਨ ਦੀ ਬਿਮਾਰੀ ਦੌਰਾਨ ਹਰ ਸੰਸਥਾ ਨੂੰ ਲੋੜੀਂਦੀ ਦਵਾਈ ਜ਼ਰੂਰ ਮੁਹੱਈਆ ਕਰਵਾਈ ਗਈ ਸੀ।
ਲੋਕਾਂ ਦੀ ਮੰਗ – ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਡਾਕਟਰਾਂ ਤੇ ਦੂਸਰੇ ਅਮਲੇ ਦੀ ਘਾਟ ਨੂੰ ਪੂਰਾ ਕੀਤਾ ਜਾਵੇ।ਬੁਨਿਆਦੀ ਸਹੂਲਤਾਂ ਸਮੇਤ ਦਵਾਈ ਦੀ ਸਪਲਾਈ ਸਮੇਂ ਸਿਰ ਤੇ ਲਗਾਤਾਰ ਜਾਰੀ ਰੱਖੀ ਜਾਵੇ ਤਾਂ ਜੋ ਲੋਕਾਂ ਨੂੰ ਪਸ਼ੂਆਂ ਦੇ ਇਲਾਜ ਲਈ ਕਿਸੇ ਪੱਖ ਤੋਂ ਵੀ ਖੱਜਲ ਖੁਆਰ ਨਾ ਹੋਣਾ ਪਵੇ।