ਤਹਿਸੀਲ ਬਣਨ ਦੇ 3 ਦਹਾਕੇ ਬਾਅਦ ਵੀ ਸਰਦੂਲਗੜ੍ਹ ਸ਼ਹਿਰ ਕਈ ਬੁਨਿਆਦੀ ਸਹੂਲਤਾਂ ਤੋਂ ਸੱਖਣਾ (ਬਲੱਡ ਬੈਂਕ ਤੇ ਹੱਡਾਂ ਰੋੜੀ ਦੀ ਘਾਟ ਬਣਦੀ ਐ ਖੱਜਲ ਖੁਆਰੀ ਦਾ ਕਾਰਨ
ਸਰਦੂਲਗੜ੍ਹ- 1 ਅਕਤੂਬਰ (ਪ੍ਰਕਾਸ਼ ਸਿੰਘ ਜ਼ੈਲਦਾਰ)
ਤਹਿਸੀਲ ਬਣਨ ਦੇ 3 ਦਹਾਕੇ ਬਾਅਦ ਵੀ ਸਥਾਨਕ ਸ਼ਹਿਰ ਬੁਨਿਆਦੀ ਸਹੂਲਤਾਂ ਤੋਂ ਸੱਖਣਾ ਹੈ।ਜ਼ਿਕਰ ਯੋਗ ਹੈ ਕਿ 1992 ਦੀਆ ਵਿਧਾਨ ਸਭਾ ਚੋਣਾਂ ਦੌਰਾਨ ਸੱਤਾ ਵਿਚ ਆਈ ਕਾਂਗਰਸ ਪਾਰਟੀ ਦੇ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਸਰਦੂਲਗੜ੍ਹ ਨੂੰ ਤਹਿਸੀਲ ਬਣਾਇਆ ਸੀ।ਉਦੋਂ ਤੋਂ ਲੈ ਕੁ ਹੁਣ ਤੱਕ ਭਾਵੇਂ ਵਿਕਾਸ ਤਾਂ ਬਹੁਤ ਹੋਇਆ ਪਰ ਕੁਝ ਅਜਿਹੀਆਂ ਸਹੂਲਤਾਂ ਜਿੰਨ੍ਹਾਂ ਦੀ ਹਰ ਵਕਤ ਲੋੜ ਮਹਿਸੂਸ ਹੁੰਦੀ ਹੈ ਅਜੇ ਤੱਕ ਇਸ ਸ਼ਹਿਰ ਨੂੰ ਨਹੀਂ ਮਿਲ ਸਕੀਆਂ। ਬਲੱਡ ਬੈਂਕ ਦੀ ਘਾਟ–ਸਿਹਤ ਸਹੂਲਤਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਸ਼ਹਿਰ’ਚ ਬਲੱਡ ਬੈਂਕ ਦੀ ਘਾਟ ਬਹੁਤ ਰੜਕਦੀ ਹੈ।ਮਰੀਜ਼ਾਂ ਵਾਸਤੇ ਖੂਨ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਦੂਰ-ਦੁਰਾਡੇ ਦੇ ਸ਼ਹਿਰਾਂ’ਚ ਖੱਜਲ ਖੁਆਰ ਹੋਣਾ ਪੈਂਦਾ ਹੈ। ਹੱਡਾਂ ਰੋੜੀ ਦਾ ਨਾ ਹੋਣਾ-ਸ਼ਹਿਰ’ਚ ਹੱਡਾਂ ਰੋੜੀ ਦਾ ਪ੍ਰਬੰਧ ਨਾ ਹੋਣਾ ਇਕ ਤਰਾਂ ਨਾਲ ਸਰਾਪ ਬਣਿਆ ਹੋਇਆ ਹੈ।ਜਿਸ ਕਰਕੇ ਕਿਸੇ ਪਸ਼ੂ ਦੇ ਭੁਰ ਜਾਣ ਤੇ ਪਸ਼ੂ ਪਾਲਕ ਉਸ ਨੂੰ ਟਿਕਾਣੇ ਲਗਾਉਣ ਲਈ ਸਖ਼ਤੇ ਵਿਚ ਆ ਜਾਂਦੇ ਹਨ।ਖ਼ਦਾ ਨਾ ਖਾਸਤਾ ਜੇਕਰ ਕਦੀ ਅਵਾਰਾ ਡੰਗਰ ਦੀ ਮੌਤ ਹੋ ਜਾਵੇ ਤਾਂ ਉਸ ਦੀ ਮਿੱਟੀ ਕਈ ਕਈ ਦਿਨ ਸਾਂਵੇ ਥਾਂ ਤੇ ਰੁਲ਼ਦੀ ਰਹਿੰਦੀ ਹੈ। ਪਾਰਕਿੰਗ ਦੀ ਅਣਹੋਂਦ – ਪੰਜਾਬ ਹਰਿਆਣੇ ਦੇ ਤਕਰੀਬਨ 40 ਪਿੰਡਾਂ ਦੇ ਲੋਕ ਸਰਦੂਲਗੜ੍ਹ ਨਾਲ ਜੁੜੇ ਹੋਣ ਕਰਕੇ ਸ਼ਹਿਰ’ਚ ਵੱਡੀ ਪੱਧਰ ਤੇ ਵਹੀਕਲਾਂ ਦੀ ਆਮਦ ਹੁੰਦੀ ਹੈ।ਪਾਰਕਿੰਗ ਦੀ ਸਹੂਲਤ ਨਾ ਹੋਣ ਕਰਕੇ ਸ਼ਹਿਰ’ਚ ਭੀੜ ਭੜੱਕਾ ਬਣਿਆ ਰਹਿੰਦਾ ਹੈ।ਸਿਵਲ ਹਸਪਤਾਲ ਦੀ ਜਗ੍ਹਾ ਨੂੰ ਮਜ਼ਬੂਰੀ ਵੱਸ ਲੋਕ ਪਾਰਕਿੰਗ ਲਈ ਵਰਤਦੇ ਹਨ। ਅਨਾਜ਼ ਮੰਡੀ ਦੇ ਸੀਵਰੇਜ਼ ਪ੍ਰਬੰਧ ਮਾੜੇ-ਪੁਰਾਣੀ ਅਨਾਜ਼ ਮੰਡੀ’ਚ ਸੀਵਰੇਜ਼ ਦੇ ਪ੍ਰਬੰਧ ਮਾੜੇ ਹੋਣ ਕਾਰਨ ਥੋੜ੍ਹੇ ਜਿਹੇ ਮੀਂਹ ਨਾਲ ਮੰਡੀ’ਚ ਬਣੇ ਸ਼ੈੱਡ ਦੇ ਚੁਫੇਰੇ ਪਾਣੀ ਦੇ ਤਲਾਬ ਬਣ ਜਾਂਦੇ ਹਨ।ਜਿਸ ਨਾਲ ਮੰਡੀ’ਚ ਪਈ ਫਸਲ ਦਾ ਨੁਕਸਾਨ ਹੋਣ ਤੋਂ ਇਲਾਵਾ ਕਿਸਾਨਾਂ ਤੇ ਆੜਤੀਆਂ ਨੂੰ ਬਹੁਤ ਪਰੇਸ਼ਾਨੀ ਝੱਲਣੀ ਪੈਂਦੀ ਹੈ। ਮਾਰਕੀਟ ਕਮੇਟੀ ਕੋਲ ਸਾਧਨਾਂ ਦੀ ਘਾਟ-ਮਾਰਕੀਟ ਕਮੇਟੀ ਦਫ਼ਤਰ ਕੋਲ ਪੱਕੇ ਸਫ਼ਾਈ ਸੇਵਕ,ਖ਼ੁਦ ਦਾ ਟਰੈਕਟਰ ਟਰਾਲੀ ਤੇ ਫਾਇਰ ਬ੍ਰਿਗੇਡ ਜਿਹੇ ਜ਼ਰੂਰੀ ਸਾਧਨਾਂ ਦੀ ਘਾਟ ਹੈ।ਜਿਨ੍ਹਾਂ ਦੀ ਅਣਹੋਂਦ ਕਾਰਨ ਹੰਗਾਮੀ ਹਾਲਤਾਂ’ਚ ਕਈ ਵਾਰ ਦਫ਼ਤਰੀ ਮੁਲਾਜ਼ਮਾਂ ਨੂੰ ਵੀ ਮੁਸ਼ਕਿਲਾਂ ਨਾ ਦੋ-ਚਾਰ ਹੋਣਾ ਪੈਂਦਾ ਹੈ।
ਖੇਡ ਮੈਦਾਨ ਤੇ ਲਾਇਬ੍ਰੇਰੀ ਤੋਂ ਵਾਂਝਾ-ਤਹਿਸੀਲ ਦੇ ਨਾਲ-ਨਾਲ ਵਿਧਾਨ ਸਭਾ ਹਲਕਾ ਹੋਣ ਦੇ ਬਾਵਜੂਦ ਵੀ ਸਰਦੂਲਗੜ੍ਹ’ਚ ਅਜੇ ਤੱਕ ਰਾਜ ਜਾਂ ਜ਼ਿਲ੍ਹਾ ਪੱਧਰ ਖੇਡ ਮੈਦਾਨ ਨਹੀਂ ਹਨ।ਇਸੇ ਤਰਾਂ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਤੇ ਸਾਹਿਤਕ ਰੁਚੀ ਰੱਖਣ ਵਾਲੇ ਪਾਠਕਾਂ ਲਾਇਬ੍ਰੇਰੀ ਦੀ ਕਮੀ ਮਹਿਸੂਸ ਹੁੰਦੀ ਹੈ। ਖੰਡਰ ਬਣੀ ਸਰਕਾਰੀ ਕਾਲੋਨੀ- ਤਹਿਸੀਲ ਬਣਨ ਉਪਰੰਤ ਰਤੀਆ ਰੋਡ ਖੈਰਾ ਤੇ ਸਰਕਾਰੀ ਮੁਲਾਜ਼ਮਾਂ ਦੇ ਰਹਿਣ ਲਈ ਸਰਕਾਰੀ ਕੋਠੀਆਂ ਦੀ ਉਸਾਰੀ ਕੀਤੀ ਗਈ ਸੀ ਪਰ ਅੱਜ ਤੱਕ ਉੱਥੇ ਕਿਸੇ ਵੀ ਸਰਕਾਰੀ ਕਰਮਚਾਰੀ ਜਾਂ ਅਧਿਕਾਰੀ ਨੇ ਰਿਹਾਇਸ਼ ਨਹੀਂ ਕੀਤੀ।ਸਰਕਾਰਾਂ ਦੀ ਅਣਦੇਖੀ ਕਾਰਨ ਕਰੋੜਾ ਰੁ. ਦੀ ਜਗ੍ਹਾ ਖੰਡਰ ਬਣ ਚੁੱਕੀ ਹੈ।ਜਿਸ ਦੇ ਨਵੀਨੀ ਕਰਨ ਦੀ ਲੋੜ ਹੈ ਤਾਂ ਜੋ ਸ਼ਹਿਰ ਦੇ ਵੱਖ-ਵੱਖ ਦਫ਼ਤਰਾਂ’ਚ ਦੂਰ-ਦੁਰਾਡੇ ਤੋਂ ਨੌਕਰੀ ਕਰਦੇ ਸਰਕਾਰੀ ਮੁਲਾਜ਼ਮ ਉਸ ਦਾ ਲਾਭ ਲੈ ਸਕਣ। ਲੋਕਾਂ ਦੀ ਮੰਗ-ਸ਼ਹਿਰ ਤੇ ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਸਰਦੂਲਗੜ੍ਹ’ਚ ਬੁਨਿਆਦੀ ਸਹੂਲਤਾਂ ਦੀ ਘਾਟ ਨੂੰ ਪਹਿਲ ਦੇ ਅਧਾਰ ਤੇ ਪੂਰਾ ਕੀਤਾ ਜਾਵੇ ਤਾਂ ਜੋ ਲੋੜ ਪੈਣ ਤੇ ਜ਼ਰੂਰਤ ਮੰਦ ਲੋਕਾਂ ਨੂੰ ਕਿਸ ਕਿਸਮ ਦੀ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਫੋਟੋ ਕੈਪਸ਼ਨ – ਸਰਦੂਲਗੜ੍ਹ’ਚ ਬੁਨਿਆਦੀ ਸਹੂਲਤਾਂ ਦੀ ਅਣਹੋਂਦ ਨੂੰ ਬਿਆਨ ਕਰਦੀਆਂ
ਵੱਖ-ਵੱਖ ਤਸਵੀਰਾਂ।