ਕੱਚੇ ਮੁਲਾਜ਼ਮਾਂ ਦਾ ਭਵਿੱਖ ਰੋਲਣ ਤੇ ਤੁਲੀ ਸਰਕਾਰ – ਅਧਿਆਪਕ ਆਗੂ
ਸਰਦੂਲਗੜ੍ਹ – 11 ਜੁਲਾਈ (ਪ੍ਰਕਾਸ਼ ਸਿੰਘ ਜ਼ੈਲਦਾਰ ) ਸਿੱਖਿਆ ਵਿਭਾਗ ਦੇ ਕੱਚੇ ਦਫ਼ਤਰੀ ਮੁਲਾਜ਼ਮਾਂ ਤੇ ਆਈ. ਈ. ਆਰ. ਟੀ ਅਧਿਆਪਕਾਂ ਵਲੋਂ ਲੰਘੀ 6 ਜੁਲਾਈ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਲਮ ਛੋੜ ਹੜਤਾਲ ਲਗਾਤਾਰ ਜਾਰੀ ਹੈ।
ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਝੂਠਾ ਪ੍ਰਚਾਰ ਕਰ ਰਹੀ ਹੈ। ਤਨਕਾਹ ਸਕੇਲ, ਸੀ. ਐੱਸ. ਆਰ. ਤੇ ਪੈਨਸ਼ਨਰੀ ਲਾਭ ਦਿੱਤੇ ਬਗੈਰ ਪੱਕੇ ਕਰਨ ਪ੍ਰਚਾਰ ਮੁਲਾਜ਼ਮਾਂ ਨਾਲ ਵੱਡਾ ਧੋਖਾ ਹੈ। ਦਫ਼ਤਰੀ ਮੁਲਾਜ਼ਮਾਂ ਦੀ 5 ਹਜ਼ਾਰ ਰੁ. ਤਨਖਾਹ ਹਰ ਮਹੀਨੇ ਕੱਟ ਲਈ ਜਾਂਦੀ ਹੈ। ਮਿਡ ਡੇ ਮੀਲ ਕਰਮਚਾਰੀਆਂ ਦੀ ਤਨਖਾਹ ਦਾ ਵਾਧਾ 2019 ਤੋਂ ਬੰਦ ਹੈ। ਮੁਲਾਜ਼ਮ ਆਗੂ ਨੇ ਦੋਸ਼ ਲਾਇਆ ਕਿ ਪਿਛਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਕੱਚੇ ਮੁਲਾਜ਼ਮਾਂ ਦੇ ਭਵਿੱਖ ਨੂੰ ਰੋਲਣ ਤੇ ਤੁਲੀ ਹੈ।
ਹੜਤਾਲੀ ਕਰਮਚਾਰੀਆਂ ਦੀ ਸਪੋਟ ਤੇ ਪਹੁੁੰਚੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜ਼ਿਲ੍ਹਾ ਮਾਨਸਾ ਦੇ ਜਨਰਲ ਸਕੱਤਰ ਗੁਰਦਾਸ ਸਿੰਘ ਰਾਏਪੁਰ, ਬਲਾਕ ਸਰਦੂਲਗੜ੍ਹ ਦੇ ਪ੍ਰਧਾਨ ਦਰਸ਼ਨ ਸਿੰਘ ਜਟਾਣਾ, ਬਲਾਕ ਝੁਨੀਰ ਪ੍ਰਧਾਨ ਹਰਦੀਪ ਸਿੰਘ ਰੋੜੀ, ਪ੍ਰਭੂ ਰਾਮ, ਮਨਪ੍ਰੀਤ ਸਿੰਘ ਖੈਰਾ ਕਲਾਂ, ਬੰਸੀ ਲਾਲ ਪਿਲਾਨੀਆਂ, ਈਸ਼ਵਰ ਦਾਸ ਨੇ ਕਿਹਾ ਕਿ ਮਾਨ ਸਰਕਾਰ ਮੁਲਾਜ਼ਮ ਪੱਕੇ ਕੀਤੇ ਜਾਣ ਦੀ ਸਿਰਫ ਅਖ਼ਵਾਰੀ ਬਿਆਨਬਾਜ਼ੀ ਕਰ ਰਹੀ ਹੈ ਜਦੋਂ ਕਿ ਹਕੀਕਤ ਇਸ ਤੋਂ ਬਿਲਕੁਲ ਉਲਟ ਹੈ। ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਨੂੰ ਵਫਾ ਨਹੀਂ ਕਰ ਰਹੀ। ਬੀਤੇ ਦਿਨੀਂ ਮੁੱਖ ਮੰਤਰੀ ਨੇ ਕੁਝ ਕਰਮਚਾਰੀਆਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਦੀ ਗੱਲ ਇਕ ਵੀਡੀਓ ਸੰਦੇਸ਼ ਰਾਹੀਂ ਜ਼ਰੂਰ ਕੀਤੀ ਪਰ ਦਫ਼ਤਰੀ ਕਰਮਚਾਰੀਆਂ ਦਾ ਕਿਤੇ ਜ਼ਿਕਰ ਵੀ ਨਹੀਂ ਛੇੜਿਆ। ਜਿਸ ਕਰਕੇ ਮੁਲਾਜ਼ਮ ਹੜਤਾਲ ਕਰਨ ਲਈ ਮਜ਼ਬੂਰ ਹਨ।