ਸਿਵਲ ਹਸਪਤਾਲ ਸਰਦੂਲਗੜ੍ਹ’ਚ ਆਸ਼ਾ ਵਰਕਰਾਂ ਦਾ ਸਿਖਲਾਈ ਕੈਂਪ ਸ਼ੁਰੂ
ਸਰਦੂਲਗੜ੍ਹ-13 ਮਾਰਚ(ਜ਼ੈਲਦਾਰ ਟੀ.ਵੀ.) ਰਾਸ਼ਟਰੀ ਸਿਹਤ ਮਿਸ਼ਨ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਬਜ਼ੁਰਗਾਂ ਦੀ ਸਾਂਭ-ਸੰਭਾਲ ਲਈ ਇਕ ਨਵਾਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੀ ਹੈ।ਜਿਸ ਦੇ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਵੇਦਪ੍ਰਕਾਸ਼ ਸੰਧੂ ਨੇ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਆਸ਼ਾ ਵਰਕਰਾਂ ਨੂੰ ਸਿਖਲਾਈ ਦੇਣ ਲਈ ਪਹਿਲੇ ਬੈਚ ਦੀ ਸ਼ੁਰੂਆਤ ਕੀਤੀ।ਉਨ੍ਹਾਂ ਕਿਹਾ ਕਿ ਇਸ ਦਾ ਮਨੋਰਥ ਆਸ਼ਾ ਵਰਕਰਾਂ ਨੂੰ ਸਿੱਖਿਅਤ ਕਰਕੇ ਬੁਢਾਪੇ ਦੌਰਾਨ ਪੈਦਾ ਹੋਣ ਵਾਲੀਆਂ ਮੁਸ਼ਕਿਲਾਂ ਦਾ ਹੱਲ ਕਰਨਾ ਹੈ।ਜ਼ਿਲ੍ਹਾ ਪ੍ਰੋਗਰਾਮ ਮੈਨੇਜ਼ਰ ਅਵਤਾਰ ਸਿੰਘ ਨੇ ਕਿਹਾ ਘਰਾਂ’ਚ ਮੰਜੇ ਤੇ ਪਏ ਬਜ਼ੁਰਗਾਂ ਦੀ ਦੇਖਭਾਲ ਲਈ ਪਰਿਵਾਰਿਕ ਮੈਂਬਰਾਂ ਦੀ ਮਦਦ ਕੀਤੀ ਜਾਵੇਗੀ।ਡੀ.ਸੀ.ਐਮ. ਜਗਦੇਵ ਸਿੰਘ ਸਿੰਘ ਮਾਨ ਨੇ ਦੱਸਿਆ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਮੁਫ਼ਤ ਸਿਹਤ ਸੇਵਾਵਾਂ ਪਹਿਲ ਦੇ ਆਧਾਰ ਤੇ ਮਿਲਣਗੀਆਂ।ਆਸ਼ਾ ਤੇ ਫੈਸਿਲੀਟੇਟਰ ਦੀ 6 ਦਿਨਾਂ ਸਿਖਲਾਈ ਲੋੜਵੰਦ ਲੋਕਾਂ ਲਈ ਬਹੁਤ ਲਾਹੇਵੰਦ ਰਹੇਗੀ।ਇਸ ਮੌਕੇ ਬਲਾਕ ਐਜੂਕੇਟਰ ਤਿਰਲੋਕ ਸਿੰਘ, ਸੀ.ਐਚ.ਓ. ਜਗਸੀਰ ਸਿੰਘ ਨੇ ਵੀ ਸੰਬੋਧਨ ਕੀਤਾ।